ਆਮ ਨਾਗਰਿਕਾਂ ਨਾਲੋਂ 46 ਗੁਣਾ ਮਹਿੰਗਾ ਹੈ ਭਾਰਤੀ ਸੰਸਦ ਮੈਂਬਰਾਂ ਦਾ ਇਲਾਜ

Monday, Dec 16, 2019 - 12:23 AM (IST)

ਆਮ ਨਾਗਰਿਕਾਂ ਨਾਲੋਂ 46 ਗੁਣਾ ਮਹਿੰਗਾ ਹੈ ਭਾਰਤੀ ਸੰਸਦ ਮੈਂਬਰਾਂ ਦਾ ਇਲਾਜ

ਚੰਡੀਗਡ਼੍ਹ, (ਬਿਊਰੋ)- ਭਾਰਤ ਦੀ ਜਨਤਾ ਭਾਵੇਂ ਚੰਗੀਆਂ ਸਿਹਤ ਸਹੂਲਤਾਂ ਤੋਂ ਵਾਂਝੀ ਹੈ ਪਰ ਭਾਰਤ ਦੇ ਸੰਸਦ ਮੈਂਬਰ ਆਮ ਨਾਗਰਿਕਾਂ ਨਾਲੋਂ ਕੀਤੇ ਵਧੀਆ ਸਿਹਤ ਸਹੂਲਤਾਂ ਜਨਤਕ ਖਰਚੇ ’ਤੇ ਮਾਣਦੇ ਹਨ। ਆਰ. ਟੀ. ਆਈ. ਕਾਨੂੰਨ ਅਧੀਨ ਰਾਜ ਸਭਾ ਸਕੱਤਰੇਤ ਤੋਂ ਹਾਸਲ ਜਾਣਕਾਰੀ ਦੇ ਆਧਾਰ ’ਤੇ ਇਹ ਖੁਲਾਸਾ ਕਰਦਿਆਂ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2018-19 ’ਚ ਜਨਤਕ ਖਜ਼ਾਨੇ ’ਚੋਂ ਰਾਜ ਸਭਾ ਮੈਂਬਰਾਂ ਦੇ ਇਲਾਜ ’ਤੇ 1 ਕਰੋਡ਼ 26 ਲੱਖ ਰੁਪਏ ਖਰਚ ਹੋਏ ਹਨ। ਕੁੱਲ 245 ਮੈਂਬਰਾਂ ਅਨੁਸਾਰ ਪ੍ਰਤੀ ਮੈਂਬਰ ਇਹ ਇਲਾਜ ਖਰਚ ਸਾਲਾਨਾ 51,513 ਰੁਪਏ ਬਣਦਾ ਹੈ, ਜਦਕਿ ਦੂਜੇ ਪਾਸੇ ਭਾਰਤੀ ਨਾਗਰਿਕਾਂ ਦੇ ਇਲਾਜ ਦਾ ਪ੍ਰਤੀ ਨਾਗਰਿਕ ਸਾਲਾਨਾ ਖਰਚ 1,112 ਰੁਪਏ ਹੈ, ਜੋ ਕਿ ਦੁਨੀਆ ’ਚ ਸਭ ਤੋਂ ਘੱਟ ਖਰਚ ਵਾਲੀ ਕਤਾਰ ’ਚ ਸ਼ਾਮਲ ਹੈ। ਇਸ ਹਿਸਾਬ ਨਾਲ ਭਾਰਤ ਦੇ ਸੰਸਦ ਮੈਂਬਰ ਦਾ ਇਲਾਜ ਖਰਚ ਆਮ ਨਾਗਰਿਕਾਂ ਨਾਲੋਂ 46 ਗੁਣਾ ਜ਼ਿਆਦਾ ਹੈ।

ਉਥੇ ਹੀ ਦੂਜੇ ਪਾਸੇ ਰਾਜ ਸਭਾ ’ਚ ਕੰਮ ਕਰਦੇ ਮੁਲਾਜ਼ਮਾਂ ਦਾ 2018-19 ’ਚ ਇਲਾਜ ਖਰਚ 1 ਕਰੋਡ਼ 65 ਲੱਖ ਰੁਪਏ ਹੈ ਜਦਕਿ 2017 ’ਚ ਰਾਜ ਸਭਾ ’ਚ ਕੰਮ ਕਰਨ ਵਾਲਿਆਂ ਦੀ ਗਿਣਤੀ 1,812 ਸੀ। ਇਸ ਤਰ੍ਹਾਂ ਪ੍ਰਤੀ ਮੁਲਾਜ਼ਮ ਇਲਾਜ ਖਰਚ 9,126 ਰੁਪਏ ਬਣਦਾ ਹੈ। ਪ੍ਰਤੀ ਸੰਸਦ ਮੈਂਬਰ ਇਲਾਜ ਖਰਚ ਸੰਸਦ ’ਚ ਕੰਮ ਕਰਨ ਵਾਲੇ ਪ੍ਰਤੀ ਮੁਲਾਜ਼ਮ ਖਰਚ ਤੋਂ ਵੀ 6 ਗੁਣਾ ਜ਼ਿਆਦਾ ਹੈ। ਵਕੀਲ ਚੱਢਾ ਦਾ ਕਹਿਣਾ ਹੈ ਕਿ ਭਾਵੇਂ ਭਾਰਤੀ ਲੋਕਤੰਤਰ ਦੇ ਕਾਗਜ਼ੀ ਰਾਜੇ ਲੋਕ ਹਨ, ਜੋ ਸੰਸਦ ਮੈਂਬਰਾਂ ਨੂੰ ਵੋਟਾਂ ਪਾ ਕੇ ਚੁਣਦੇ ਹਨ ਪਰ ਅਸਲੀਅਤ ’ਚ ਚੁਣੇ ਜਾਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਭੁੱਲ ਕੇ ਭਾਰਤੀ ਸਿਆਸਤਦਾਨ ਖੁਦ ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦੇ ਹਨ। ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2018-19 ’ਚ ਰਾਜ ਸਭਾ ਦਾ ਕੁੱਲ ਖਰਚ 412 ਕਰੋਡ਼ ਰੁਪਏ ਹੋਇਆ। ਇਸ ’ਚੋਂ ਰਾਜ ਸਭਾ ਚੈਨਲ ਦਾ ਖਰਚ ਕਰੀਬ 63 ਕਰੋਡ਼ ਹੈ, ਜਿਸ ’ਚੋਂ ਕਰੀਬ 32 ਕਰੋਡ਼ ਚੈਨਲ ਦੇ ਕਿਰਾਏ/ਟੈਕਸ ਆਦਿ ਦਾ ਖਰਚ ਹੈ।


author

Bharat Thapa

Content Editor

Related News