ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਟ੍ਰੈਵਲ ਕੰਪਨੀ ਨੇ ਮਾਰੀ 23 ਲੱਖ ਦੀ ਠੱਗੀ
Thursday, Feb 27, 2020 - 01:13 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਵਿਦੇਸ਼ ਭੇਜਣ ਦੇ ਨਾਂ ’ਤੇ ਪਿੰਡ ਜਗਤ ਸਿੰਘ ਵਾਲਾ ਨਿਵਾਸੀ ਵਿਅਕਤੀ ਨੂੰ 23 ਲੱਖ ਰੁਪਏ ਦੀ ਠੱਗੀ ਮਾਰਨ ਦੀ ਸੂਚਨਾ ਮਿਲੀ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਸੀ। ਉਹ ਘੱਟ ਜ਼ਮੀਨ ’ਤੇ ਖੇਤੀ ਕਰਦਾ ਹੈ। ਉਹ ਆਪਣੇ ਪਿੰਡ ਦੇ ਹਰਬੰਸ ਸਿੰਘ ਦੇ ਮਾਧਿਅਮ ਨਾਲ ਬਠਿੰਡਾ ਦੇ ਸਮਾਇਲ ਟ੍ਰਿਪ ਟ੍ਰੈਵਲ ਕੰਪਨੀ ਅਜੀਤ ਰੋਡ ਬਠਿੰਡਾ ਦੇ ਦਫ਼ਤਰ ’ਚ ਮਿਲਿਆ, ਜਿਨ੍ਹਾਂ ਨੇ ਉਸ ਨੂੰ ਸਟੱਡੀ ਬੇਸ ’ਤੇ ਆਸਟ੍ਰੇਲੀਆ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਉਸ ਦਾ ਵਿਆਹ ਕਿਸੇ ਜ਼ਿਆਦਾ ਬੈਂਡ ਵਾਲੀ ਕੁੜੀ ਨਾਲ ਕਰਵਾ ਦੇਣਗੇ, ਜਿਸ ਲਈ ਉਸ ਨੂੰ 23 ਲੱਖ ਰੁਪਏ ਖਰਚ ਕਰਨਗੇ ਪੈਣਗੇ। ਇਸ ਮਗਰੋਂ ਉਨ੍ਹਾਂ ਸਤੰਬਰ 2017 ’ਚ ਉਸ ਤੋਂ 2 ਹਜ਼ਾਰ ਲੈ ਕੇ ਰਜਿਸਟ੍ਰੇਸ਼ਨ ਕੀਤੀ ਅਤੇ 60 ਹਜ਼ਾਰ ਹੋਰ ਲੈ ਅੰਬੈਸੀ ਦਾ ਟੋਕਨ ਲੈ ਲਿਆ। ਬਾਅਦ ’ਚ 35 ਹਜ਼ਾਰ ਉਨ੍ਹਾਂ ਦੇ ਖਾਤੇ ’ਚ ਵੀ ਭੇਜ ਦਿੱਤੇ, ਜਦਕਿ 25 ਹਜ਼ਾਰ ਨਕਦ ਲੈ ਲਏ।
ਜਸਵਿੰਦਰ ਸਿੰਘ ਨੇ ਦੱਸਿਆ ਕਿ 15 ਅਕਤੂਬਰ 2018 ਨੂੰ ਉਨ੍ਹਾਂ ਨੇ ਉਸ ਦਾ ਵਿਆਹ ਹਰਪ੍ਰੀਤ ਕੌਰ ਨਿਵਾਸੀ ਅਚਰਵਾਲਾ ਲੁਧਿਆਣਾ ਨਾਲ ਕਰਵਾ ਦਿੱਤਾ ਅਤੇ ਉਸ ਤੋਂ ਸਾਢੇ 3 ਲੱਖ ਰੁਪਏ ਇਹ ਕਹਿ ਕੇ ਹੋਰ ਲੈ ਲਏ ਕਿ ਉਸ ਦੀ ਫਾਈਲ ਲਾਉਣੀ ਹੈ। ਫਿਰ 16 ਨਵੰਬਰ 2018 ਨੂੰ ਫਿਰ ਤੋਂ 6 ਲੱਖ 35 ਹਜ਼ਾਰ ਰੁਪਏ ਲੈ ਲਏ। ਇਸੇ ਤਰ੍ਹਾਂ ਵੱਖ-ਵੱਖ ਕਰਕੇ 20 ਹਜ਼ਾਰ ਤੇ 65 ਹਜ਼ਾਰ ਹੋਰ ਲੈ ਲਏ। ਪਹਿਲਾਂ ਤਾਂ ਉਹ ਕਹਿੰਦੇ ਰਹੇ ਕਿ ਉਸ ਦਾ ਕੇਸ ਨਹੀਂ ਲੱਗਿਆ ਪੈਸੇ ਵਾਪਸ ਕਰ ਦੇਣਗੇ ਪਰ ਬਾਅਦ ’ਚ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਆਦਾ ਦਬਾਅ ਪਾਉਣ ’ਤੇ ਉਨ੍ਹਾਂ ਨੇ 3 ਲੱਖ ਰੁਪਏ ਦਾ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ। ਹੁਣ ਉਹ ਉਸ ਦਾ ਸਰਟੀਫਿਕੇਟ ਅਤੇ ਦੂਸਰੇ ਕਾਗਜ਼ ਵੀ ਵਾਪਸ ਨਹੀਂ ਕਰ ਰਹੇ। ਉਧਰ ਥਾਣਾ ਸਿਟੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਸੈਂਟਰ ਦੀ ਮਾਲਿਕ ਕਿਰਨਜੀਤ ਕੌਰ, ਉਸ ਦੀ ਬੇਟੀ ਸੁਖਵੀਰ ਕੌਰ ਨਿਵਾਸੀ ਸੰਧੂ ਕਲਾ, ਨਿੰਦਰਪਾਲ ਕੌਰ ਨਿਵਾਸੀ ਕਰਿਆੜਵਾਲਾ, ਬਲਜਿੰਦਰ ਸਿੰਘ, ਨਿਵਾਸੀ ਗਹਿਰੀ, ਪ੍ਰਿਤਾਲ ਸਿੰਘ, ਜਸਵਿੰਦਰ ਕੌਰ ਨਿਵਾਸੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ।