ਗੁਜਰਾਤ ਤੋਂ ਵੈਸ਼ਨੋ ਦੇਵੀ ਲਈ ਮੋਟਰਸਾਈਕਲ ''ਤੇ ਨਿਕਲਿਆਂ 75 ਸਾਲਾਂ ਬਜ਼ੁਰਗ ਜੋੜਾ

03/13/2019 5:30:12 PM

ਫਰੀਦਕੋਟ (ਜਗਤਾਰ) - ਇਨੀਂ ਦਿਨੀਂ ਜਿੱਥੇ ਦੇਸ਼ ਦੀ ਸਰਹੱਦਾਂ 'ਤੇ ਤਣਾਅ ਦਾ ਮਾਹੌਲ ਅਤੇ ਭਾਈਚਾਰੇ ਅੰਦਰ ਕੁੱੜਤਣ ਭਰੀ ਹੋਈ ਹੈ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਭਾਈਚਾਰਕ ਸਾਂਝ ਲਈ ਹੰਭਲੇ ਮਾਰ ਰਹੇ ਹਨ। ਅਜਿਹੇ 'ਚ 75 ਸਾਲਾ ਬਜ਼ੁਰਗ ਜੋੜਾ ਗੁਜਰਾਤ ਤੋਂ ਵੈਸ਼ਨੋ ਦੇਵੀ ਜੰਮੂ-ਕਸ਼ਮੀਰ ਦੀ ਯਾਤਰਾ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਿਆਂ ਹੋਇਆ ਹੈ, ਜੋ ਦੇਸ਼ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਰੁੱਖ ਲਗਾਉਣ ਦਾ ਸੁਨੇਹਾ ਦੇ ਰਿਹਾ ਹੈ। ਦੱਸ ਦੇਈਏ ਕਿ ਗੁਜਰਾਤ ਤੋਂ ਮੋਹਨ ਲਾਲ ਬੇਨ ਅਤੇ ਲੀਲਾ ਬੇਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਨਿਕਲੇ ਹੋਏ ਹਨ, ਜੋ ਦੇਸ਼ ਦੇ ਵੱਖ-ਵੱਖ ਸੂਬਿਆ ਦੇ ਗੁਰੂਧਾਮਾਂ ਦੇ ਦਰਸ਼ਨ ਕਰਦੇ ਹੋਏ ਅੱਜ ਫਰੀਦਕੋਟ ਪਹੁੰਚੇ । 

ਫਰੀਦਕੋਟ ਵਿਖੇ ਵੱਖ-ਵੱਖ ਇਤਿਹਾਸਿਕ ਸਥਾਨਾਂ ਨੂੰ ਵੇਖਣ ਤੋਂ ਬਾਅਦ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾਂ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਬਜ਼ੁਰਗ ਜੋੜੇ ਨੇ ਕਿਹਾ ਕਿ ਇਨਸਾਨ ਦੇ ਹੌਂਸਲੇ ਸਾਹਮਣੇ ਉਮਰ ਕੁਝ ਵੀ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਕਰੀਬ 75 ਸਾਲ ਹੈ ਅਤੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਜਰਾਤ ਤੋਂ ਮਾਤਾ ਵੈਸ਼ਨੋ ਦੇਵੀ ਅਤੇ ਕੇਦਾਰਨਾਥ ਦੀ ਯਾਤਰਾ ਲਈ ਨਿਕਲੇ ਹੋਏ ਹਨ। ਇਸ ਦੌਰਾਨ ਉਹ ਰਾਸਤੇ 'ਚ ਆ ਰਹੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਵੀ ਕਰ ਰਹੇ ਹਨ, ਜਿਸ ਸਦਕਾ ਉਹ ਫਰੀਦਕੋਟ ਪਹੁੰਚੇ ਹਨ। ਇਸ ਤੋਂ ਬਾਅਦ ਉਹ ਹੁਣ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਹਨ ਅਤੇ ਹੋਰ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਮਾਤਾ ਵੈਸ਼ਨੋ ਦੇਵੀ ਅਤੇ ਕਿਦਾਰਨਾਥ ਜੀ ਵਿਖੇ ਨਤਮਸਤਕ ਹੋਣਗੇ।


rajwinder kaur

Content Editor

Related News