ਸਿਰਦਰਦੀ ਬਣੀ ਟ੍ਰੈਫਿਕ, ਪੁਲਸ ਸਿਰਫ ਚਲਾਨ ਕੱਟਣ ਤਕ ਸੀਮਤ

01/15/2018 5:37:58 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ 'ਚ ਸੜਕਾਂ 'ਤੇ ਵਾਹਨਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਭਾਵੇਂ ਐੱਸ. ਐੱਸ. ਪੀ. ਨੇ ਟ੍ਰੈਫਿਕ ਪੁਲਸ ਨੂੰ ਆਵਾਜਾਈ ਸੁਚਾਰੂ ਰੱਖਣ ਦੀ ਹਦਾਇਤ ਕੀਤੀ ਹੋਈ ਹੈ ਪਰ ਫਿਰ ਵੀ ਇਸ ਦਾ ਸਥਾਈ ਹੱਲ ਨਾ ਹੋਣਾ ਸ਼ਹਿਰ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣਦਾ ਜਾ ਰਿਹਾ ਹੈ।
ਟ੍ਰੈਫਿਕ ਜਾਮ ਹੋਣ ਨਾਲ ਜਿਥੇ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ ਤੇ ਦਿਮਾਗ਼ੀ ਪ੍ਰੇਸ਼ਾਨੀ ਵਧਦੀ ਹੈ, ਉਥੇ ਹੀ ਕਈ ਵਾਰ ਜ਼ਰੂਰੀ ਕੰਮ ਸਮੇਂ ਸਿਰ ਨਾ ਪਹੁੰਚਣ ਕਾਰਨ ਰਹਿ ਜਾਂਦੇ ਹਨ। ਭਾਵੇਂ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰ ਕੇ ਮੇਨ ਸਦਰ ਬਾਜ਼ਾਰ 'ਚ ਚਾਰਪਹੀਆ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਬਾਜ਼ਾਰ 'ਚ ਦਰਜਨਾਂ ਚਾਰਪਹੀਆ ਵਾਹਨ ਸਵੇਰ ਤੋਂ ਸ਼ਾਮ ਤੱਕ ਖੜ੍ਹੇ ਦਿਖਾਈ ਦਿੰਦੇ ਹਨ। ਇਹੀ ਨਹੀਂ, ਫਰਵਾਹੀ ਬਾਜ਼ਾਰ ਤੇ ਹੰਡਿਆਇਆ ਬਾਜ਼ਾਰ 'ਚ ਵੀ ਦਿਨ ਸਮੇਂ ਚਾਰਪਹੀਆ ਵਾਹਨਾਂ ਖਾਸ ਕਰਕੇ ਭਾਰੇ ਵਾਹਨਾਂ, ਜਿਨ੍ਹਾਂ ਦੀ ਸਵੇਰ ਸਮੇਂ ਸ਼ਹਿਰ 'ਚ 'ਐਂਟਰੀ' 'ਤੇ ਪਾਬੰਦੀ ਲਾਈ ਹੋਈ ਹੈ, ਦੀ ਵੀ ਭਰਮਾਰ ਦੇਖੀ ਜਾ ਸਕਦੀ ਹੈ।
ਕਿੱਥੇ-ਕਿੱਥੇ ਲੱਗਦੈ ਜਾਮ
ਉਂਝ ਤਾਂ ਸਾਰਾ ਸ਼ਹਿਰ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਤੰਗ ਹੈ ਪਰ ਖਾਸ ਤੌਰ 'ਤੇ ਸ਼ਹੀਦ ਭਗਤ ਸਿੰਘ ਰੋਡ ਨੇੜੇ ਪੰਜਾਬ ਨੈਸ਼ਨਲ ਬੈਂਕ, ਤੀਰਥ ਦਾਸ ਸਿੰਧਵਾਨੀ ਰੋਡ, ਰਾਮਬਾਗ ਰੋਡ, ਡਾਕਘਰ ਅੱਗੇ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ 'ਤੇ ਜਾਮ ਦੇ ਨਜ਼ਾਰੇ ਸਾਰਾ ਦਿਨ ਹੀ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਮੇਨ ਡਾਕਖਾਨੇ ਨੇੜੇ ਕਾਲਜ ਰੋਡ 'ਤੇ ਲੱਗਣ ਵਾਲੀਆਂ ਫਲਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਕਾਰਨ ਇਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਧਨੌਲਾ ਰੋਡ 'ਤੇ ਅੰਡਰਬ੍ਰਿਜ ਬਣਨ ਕਾਰਨ ਸੇਖਾ ਫਾਟਕ ਤੇ ਲੱਖੀ ਕਾਲੋਨੀ 'ਚ ਸਾਰਾ ਦਿਨ ਜਾਮ ਵਾਲਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਗੋਬਿੰਦ ਕਾਲੋਨੀ, ਕਾਲਜ ਰੋਡ ਤੇ ਕੱਚਾ ਕਾਲਜ ਰੋਡ 'ਤੇ ਟ੍ਰੈਫਿਕ ਜਾਮ ਗੰਭੀਰ ਸਮੱਸਿਆ ਬਣ ਚੁੱਕੀ ਹੈ। ਐੱਸ. ਡੀ. ਕਾਲਜ ਵੱਲ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਤਰਕਸ਼ੀਲ ਚੌਕ ਵਿਖੇ ਆਉਣ-ਜਾਣ ਵਾਲੀਆਂ ਬੱਸਾਂ ਸਵਾਰੀਆਂ ਨੂੰ ਲਾਹੁਣ ਤੇ ਚੜ੍ਹਾਉਣ ਸਮੇਂ ਇਥੇ ਕਾਫ਼ੀ ਸਮਾਂ ਰੁਕੀਆਂ ਰਹਿੰਦੀਆਂ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਤੇ ਇਕ ਵਾਰ ਤਾਂ ਬੱਸ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਟ੍ਰੈਫਿਕ ਪੁਲਸ ਨੇ ਇਥੇ ਕੁਝ ਸਮੇਂ ਲਈ ਬੱਸਾਂ ਦੇ ਰੁਕਣ 'ਤੇ ਪਾਬੰਦੀ ਲਾ ਦਿੱਤੀ ਸੀ ਪਰ ਅੱਜ ਮੁੜ ਉਕਤ ਸਮੱਸਿਆ ਖੜ੍ਹੀ ਹੋ ਗਈ ਹੈ। ਰਾਮ ਬਾਗ ਰੋਡ, ਜਿਥੇ ਲੜਕੀਆਂ ਦਾ ਕਾਲਜ ਤੇ ਅੱਧਾ ਦਰਜਨ ਸਕੂਲਾਂ ਤੋਂ ਇਲਾਵਾ ਰਾਮਬਾਗ, ਪ੍ਰਾਰਥਨਾ ਹਾਲ ਤੇ ਨਗਰ ਕੌਂਸਲ ਦਾ ਦਫ਼ਤਰ ਵੀ ਹੈ, 'ਤੇ ਵੀ ਟ੍ਰੈਫਿਕ ਦਾ ਮਾੜਾ ਹਾਲ ਹੈ। ਅਜਿਹਾ ਹੀ ਹਾਲ ਚਿੰਟੂ ਰੋਡ ਦਾ ਹੈ।
ਪਾਰਕਿੰਗ ਨਾ ਹੋਣ ਕਾਰਨ ਗੰਭੀਰ ਹੋਇਆ ਮਸਲਾ
ਸ਼ਹਿਰ ਦੇ ਬਾਜ਼ਾਰਾਂ ਤੇ ਮੁੱਖ ਥਾਵਾਂ 'ਤੇ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਜੀਮ ਦੀ ਸਮੱਸਿਆ ਦਾ ਮੁੱਖ ਕਾਰਨ ਇਥੇ ਪਾਰਕਿੰਗ ਦਾ ਨਾ ਹੋਣਾ ਹੈ। ਜੇਕਰ ਪੁਰਾਣੀ ਤਹਿਸੀਲ ਵਾਲੇ ਖਾਲੀ ਪਏ ਸਥਾਨ 'ਤੇ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਘੱਟੋ-ਘੱਟ ਤਿੰਨੇ ਹੀ ਬਾਜ਼ਾਰਾਂ 'ਚ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਬੈਂਕ ਵੀ ਮਸਲੇ ਨੂੰ ਹੋਰ ਵਧਾ ਰਹੇ ਹਨ ਕਿਉਂਕਿ ਬੈਂਕਾਂ ਕੋਲ ਆਪਣੀ ਪਾਰਕਿੰਗ ਦਾ ਕੋਈ ਇੰਤਜ਼ਾਮ ਨਹੀਂ, ਜਿਸ ਕਾਰਨ ਇਥੇ ਆਉਣ ਵਾਲੇ ਗਾਹਕ ਆਪਣੇ ਵਾਹਨ ਬਾਹਰ ਸੜਕ 'ਤੇ ਹੀ ਖੜ੍ਹੇ ਕਰ ਕੇ ਬੈਂਕਾਂ 'ਚ ਜਾਂਦੇ ਹਨ, ਜੋ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਵਧਾਉਣ 'ਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਫ਼ੀ ਸਮਾਂ ਪਹਿਲਾਂ ਸ਼ਹੀਦ ਭਗਤ ਸਿੰਘ ਰੋਡ, ਥਾਣਾ ਕੋਤਵਾਲੀ ਦੇ ਪਿੱਛਿਓਂ ਲੈ ਕੇ ਬਾਬਾ ਗੀਟੀ ਵਾਲਾ ਮੰਦਿਰ ਤੱਕ ਤੇ ਜੁੱਤੀਆਂ ਵਾਲੇ ਮੋਰਚੇ ਨੂੰ ਵਨ-ਵੇਅ ਬਣਾਇਆ ਗਿਆ ਸੀ। ਇਸੇ ਤਰ੍ਹਾਂ ਜੇਕਰ ਸ਼ਹੀਦ ਭਗਤ ਸਿੰਘ ਰੋਡ 'ਤੇ ਵੀ ਵਨ-ਵੇਅ ਸਿਸਟਮ ਲਾਗੂ ਕਰ ਦਿੱਤਾ ਜਾਵੇ ਤਾਂ ਇਸ ਰੋਡ 'ਤੇ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਕੱਚਾ ਕਾਲਜ ਰੋਡ ਦੀਆਂ ਗਲੀਆਂ ਨੂੰ ਵਨ-ਵੇਅ ਕਰ ਕੇ ਪੁਲਸ ਨੇ ਟ੍ਰੈਫਿਕ ਨੂੰ ਕੁਝ ਹੱਦ ਤੱਕ ਕੰਟਰੋਲ ਕਰਨ ਦਾ ਯਤਨ ਕੀਤਾ ਹੈ ਪਰ ਕੁਝ ਪੁਲਸ ਕਰਮਚਾਰੀ ਹੀ ਵਨ-ਵੇਅ ਵਾਲੀਆਂ ਗਲੀਆਂ 'ਚ ਗਲਤ ਪਾਸਿਓਂ ਵਾਹਨ ਲਿਆ ਕੇ ਜਾਮ ਦਾ ਕਾਰਨ ਬਣ ਰਹੇ ਹਨ।


Related News