ਅਣਪਛਾਤੇ ਵਿਅਕਤੀਆਂ ਨੇ ਟਰੱਕ ਡਰਾਈਵਰ ਨੂੰ ਮਾਰੀਆਂ ਗੋਲੀਆਂ
Thursday, Feb 20, 2020 - 06:07 PM (IST)

ਪੱਟੀ (ਸੌਰਭ) : ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਨੂੰ 4 ਅਣਪਛਾਤੇ ਵਿਅਕਤੀਆਂ ਨੇ ਟਰੱਕ ਰੋਕ ਕੇ ਗੋਲੀ ਮਾਰ ਦਿੱਤੀ ਅਤੇ ਉਸਦਾ ਪਰਸ, ਨਕਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਟਰੱਕ ਡਰਾਈਵਰ ਕ੍ਰਿਸ਼ਨ ਸਿੰਘ 41 ਪੁੱਤਰ ਸੁਖਦੇਵ ਸਿੰਘ ਨਿਵਾਸੀ ਕੋਟਭਾਰਾ ਜ਼ਿਲਾ ਬਠਿੰਡਾ ਨੇ ਦੱਸਿਆ ਕਿ ਮੈਂ ਬੀਤੇ ਦਿਨੀਂ ਬਠਿੰਡਾ ਤੋਂ ਚੌਲਾਂ ਨਾਲ ਟਰੱਕ ਭਰ ਕੇ ਅੰਮ੍ਰਿਤਸਰ ਵਿਖੇ ਸ਼ੈਲਰ ਲਈ ਆ ਰਿਹਾ ਸੀ। ਇਸੇ ਦੌਰਾਨ ਰਾਸਤੇ 'ਚ ਰਾਤ 12:30 ਵਜੇ ਹਰੀਕੇ ਦੇ ਬਾਹਰਵਾਰ ਬੂਹ ਪਿੰਡ ਨੇੜੇ ਫਲਾਈਓਵਰ ਵਿਖੇ 4 ਅਣਪਛਾਤੇ ਵਿਅਕਤੀਆਂ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਮੇਰੇ ਕੋਲ ਆ ਕੇ ਮੇਰੀ ਸੱਜੀ ਬਾਂਹ 'ਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਮੇਰਾ ਪਰਸ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪਰਸ 'ਚ 3500 ਰੁਪਏ ਨਕਦ, ਪੈਨ ਕਾਰਡ, ਆਧਾਰ ਕਾਰਡ ਅਤੇ ਲਾਇਸੈਂਸ ਮੌਜੂਦ ਸੀ। ਘਟਨਾ ਬਾਰੇ ਹਰੀਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ. ਪੱਟੀ ਕੰਵਲਜੀਤ ਸਿੰਘ
ਇਸ ਸਬੰਧੀ ਡੀ. ਐੱਸ. ਪੀ. ਪੱਟੀ ਕੰਵਲਜੀਤ ਸਿੰਘ ਨੇ ਕਿਹਾ ਕਿ ਹਰੀਕੇ ਪੁਲਸ ਨੇ ਲੁੱਟ- ਖੋਹ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੱਟੀ ਤਹਿਸੀਲ 'ਚ ਅਮਨ ਕਾਨੂੰਨ ਬਹਾਲ ਕਰਨਾ ਸਾਡਾ ਮੁੱਢਲਾ ਫਰਜ਼ ਹੈ।