ਕਰੋਡ਼ਾਂ ਰੁਪਏ ਦਾ ਕਾਰੋਬਾਰ ਕਰਨ ਵਾਲੀ ਮੰਡੀ ’ਚ ਪੱਸਰੀ ਚੁੱਪ
Thursday, Jul 26, 2018 - 04:32 AM (IST)

ਲੁਧਿਆਣਾ(ਖੁਰਾਣਾ)-ਟਰਾਂਸਪੋਰਟ ਜਥੇਬੰਦੀਆਂ ਵਲੋਂ ਦੇਸ਼ ਭਰ ਵਿਚ ਛੇਡ਼ੇ ਗਏ ਚੱਕਾ ਜਾਮ ਸੰਘਰਸ਼ ਦਾ ਸੇਕ ਹੁਣ ਆਮ ਲੋਕਾਂ ਦੇ ਰਸੋਈਘਰਾਂ ਤੱਕ ਪਹੁੰਚਣ ਲੱਗਾ ਹੈ। ਹਡ਼ਤਾਲ ਕਾਰਨ ਜਿੱਥੇ ਸਬਜ਼ੀ ਮੰਡੀਆਂ ’ਚ ਚੁੱਪ ਪਸਰ ਗਈ ਹੈ, ਉਥੇ ਸਬਜ਼ੀਆਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਇਸ ਨਾਲ ਮਾਰਕੀਟ ਕਮੇਟੀ ਦੇ ਰੈਵੇਨਿਊ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਮੰਡੀ ਵਿਚ ਬਾਹਰੀ ਰਾਜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਅਤੇ ਫਲ-ਫਰੂਟਾਂ ਦੀ ਸਪਲਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ ਅਤੇ ਜਿਨ੍ਹਾਂ ਸਬਜ਼ੀਆਂ ਦੀ ਪੈਦਾਵਾਰ ਲੋਕਲ ਹੈ, ਉਨ੍ਹਾਂ ਤੋਂ ਜ਼ਿਆਦਾਤਰ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕੀਆਂ ਹਨ। ਮੰਡੀ ਵਿਚ ਹਾਲਾਤ ਇਹ ਬਣੇ ਹੋਏ ਹਨ ਕਿ ਦਿੱਲੀ ਹਿਮਾਚਲ, ਹਰਿਆਣਾ, ਨਾਸਿਕ, ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਆਦਿ ਰਾਜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਦਾ ਅੱਜ ਇੱਕਾ-ਦੁੱਕਾ ਟਰੱਕ ਹੀ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਲੈ ਕੇ ਪੁੱਜ ਰਹੇ ਹਨ, ਉਹ ਵੀ ਚੋਰੀ-ਚੋਰੀ, ਜਦੋਂਕਿ ਹਡ਼ਤਾਲ ਤੋਂ ਪਹਿਲਾਂ ਲੁਧਿਆਣਾ ਦੀ ਕਾਰਬਾਰਾ ਸਬਜ਼ੀ ਮੰਡੀ ਵਿਚ ਰੋਜ਼ਾਨਾ ਵੱਖ-ਵੱਖ ਰਾਜਾਂ ਤੋਂ ਸਬਜ਼ੀਆਂ ਅਤੇ ਫਲਾਂ ਦੇ 150 ਦੇ ਕਰੀਬ ਟਰੱਕ ਭਰ ਕੇ ਆਇਆ ਕਰਦੇ ਸਨ।
ਦਿਹਾਡ਼ੀਦਾਰ ਮਜ਼ਦੂਰਾਂ ’ਤੇ ਲਟਕੀ ਬੇਰੋਜ਼ਗਾਰੀ ਦੀ ਤਲਵਾਰ
ਰੋਜ਼ਾਨਾ ਕਰੋਡ਼ਾਂ ਦਾ ਕਾਰੋਬਾਰ ਕਰਨ ਵਾਲੀ ਸਬਜ਼ੀ ਮੰਡੀ ’ਚ ਪੂਰੀ ਤਰ੍ਹਾਂ ਚੁੱਪ ਪੱਸਰਦੀ ਜਾ ਰਹੀ ਹੈ, ਜਿਸ ਕਾਰਨ ਜ਼ਿਆਦਾਤਰ ਦਿਹਾਡ਼ੀਦਾਰ ਮਜ਼ਦੂਰਾਂ ਦੇ ਸਿਰ ’ਤੇ ਬੇਰੋਜ਼ਗਾਰੀ ਦੀ ਤਲਵਾਰ ਲਟਕਣ ਲੱਗੀ ਹੈ, ਜੋ ਕਿ ਮੰਡੀ ’ਚ ਪੱਲੇਦਾਰੀ ਅਤੇ ਲੋਡਿੰਗ-ਅਨਲੋਡਿੰਗ ਦਾ ਕੰਮ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਦੂਜੇ ਪਾਸੇ ਸਬਜ਼ੀਆਂ ਦੀ ਕਿੱਲਤ ਕਾਰਨ ਜ਼ਿਆਦਾਤਰ ਰੇਹਡ਼ੀ-ਫਡ਼੍ਹੀ ਵਾਲੇ ਵੀ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਨੂੰ ਆਪਣੇ ਅੱਡਿਆਂ ’ਤੇ ਜਾਂ ਫਿਰ ਗਲੀ-ਮੁਹੱਲਿਆਂ ਵਿਚ ਵੇਚਣ ਲਈ ਕਾਫੀ ਮਾਤਰਾ ’ਚ ਸਬਜ਼ੀਆਂ ਨਹੀਂ ਮਿਲ ਰਹੀਆਂ।
ਕਾਰੋਬਾਰ ਠੱਪ ਹੋਣ ਕਾਰਨ ਵਪਾਰੀਆਂ ਨੇ ਫੇਰਿਆ ਮੂੰਹ
ਮੰਡੀ ’ਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਪੰਜਾਬ ਦੇ ਹੋਰਨਾਂ ਸ਼ਹਿਰਾਂ ਅਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਪਾਰੀਆਂ ਨੇ ਵੀ ਮੂੰਹ ਫੇਰ ਲਿਆ ਹੈ, ਜੋ ਕਿ ਇੱਥੇ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਅਤੇ ਵੇਚ ਲਈ ਜਲੰਧਰ, ਅੰਮ੍ਰਿਤਸਰ, ਪਟਿਆਲਾ, ਜੰਮੂ, ਦਿੱਲੀ, ਹਿਮਾਚਲ ਅਤੇ ਹਰਿਆਣਾ ਆਦਿ ਰਾਜਾਂ ਤੋਂ ਰੁਖ ਕਰਦੇ ਸਨ, ਕਿਉਂਕਿ ਕਿਤੇ ਨਾ ਕਿਤੇ ਕਾਰੋਬਾਰੀਆਂ ਦੇ ਦਿਲਾਂ ਵਿਚ ਵੀ ਸੰਘਰਸ਼ ਦਾ ਡਰ ਬਣਿਆ ਹੋਇਆ ਹੈ ਕਿ ਜੇਕਰ ਉਹ ਆਪਣੀਆਂ ਪ੍ਰਾਈਵੇਟ ਗੱਡੀਆਂ ਵਿਚ ਮਾਲ ਭਰ ਕੇ ਮੰਡੀਆਂ ਵਿਚ ਭੇਜਦੇ ਹਨ ਤਾਂ ਉਨ੍ਹਾਂ ਦੇ ਡਰਾਈਵਰਾਂ ਜਾਂ ਵਰਕਰਾਂ ਦੇ ਨਾਲ ਕੋਈ ਅਣਹੋਣੀ ਘਟਨਾ ਜਾਂ ਫਿਰ ਗੱਡੀ ਦੀ ਭੰਨ-ਤੋਡ਼ ਨਾ ਹੋ ਜਾਵੇ।
ਹਡ਼ਤਾਲ ਕਾਰਨ ਸਡ਼ ਰਹੀਆਂ ਨੇ ਕਰੋਡ਼ਾਂ ਦੀਆਂ ਸਬਜ਼ੀਆਂ
ਮੰਡੀ ਦੇ ਵੱਡੇ ਕਾਰੋਬਾਰੀਆਂ ਦੇ ਮੁਤਾਬਕ ਟ੍ਰਾਂਸਪੋਰਟ ਜਥੇਬੰਦੀਆਂ ਵਲੋਂ ਕੀਤੀ ਗਈ ਹਡ਼ਤਾਲ ਦਾ ਅਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਭਰ ਵਿਚ ਜੋ ਟਰੱਕ ਜਿਸ ਕਿਸੇ ਸ਼ਹਿਰ ਜਾਂ ਮੁੱਖ ਸਡ਼ਕ ’ਤੇ ਖਡ਼੍ਹਾ ਹੋਇਆ ਹੈ, ਉਸ ਨੂੰ ਕੋਈ ਵੀ ਡਰਾਈਵਰ ਟਰੱਕ ਮਾਲਕ ਅੱਗੇ ਲਿਜਾਣ ਦੀ ਹਿੰਮਤ ਨਹੀਂ ਜੁਟਾ ਰਿਹਾ ਹੈ ਅਤੇ ਅਜਿਹੇ ਵਿਚ ਜੋ ਸਬਜ਼ੀਆਂ ਜਾਂ ਫਲ ਜਿਸ ਕਿਸੇ ਵੀ ਗੱਡੀ ਵਿਚ ਭਰੇ ਪਏ ਹਨ, ਉਹ ਉਥੇ ਹੀ ਪਏ ਸਡ਼ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਅਸਰ ਟਮਾਟਰ, ਪਪੀਤਾ, ਕੇਲਾ ਅਤੇ ਪਿਆਜ਼ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਦੀ ਫਸਲ ’ਤੇ ਪੈ ਰਿਹਾ ਹੈ।