ਜੇਕਰ ਕਿੰਨਰਾਂ ਨੂੰ 15 ਹਜ਼ਾਰ ਤੇ 31 ਹਜ਼ਾਰ ਦੀ ਵਧਾਈ ਦਿੱਤੀ ਤਾਂ ਪੰਚਾਇਤ ਠੋਕੇਗੀ ਜੁਰਮਾਨਾ
Monday, Jul 08, 2019 - 11:21 AM (IST)
ਡਕਾਲਾ (ਨਰਿੰਦਰ)—ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜ੍ਹਾ ਵਿਖੇ ਬੀਤੇ ਦਿਨੀ ਕਿੰਨਰਾਂ ਵੱਲੋਂ ਇਕ ਪਰਿਵਾਰ ਨਾਲ ਵਧਾਈ ਲੈਣ ਲਈ ਕੀਤੀ ਗਈ ਮਨਮਾਨੀ ਦੀ ਘਟਨਾ ਨੇ ਤੂਲ ਫੜ ਲਿਆ ਹੈ। ਕਿੰਨਰਾਂ ਦੀ ਮਨਮਾਨੀ ਖਿਲਾਫ ਭੜਕੀ ਗਰਾਮ ਪੰਚਾਇਤ ਬਲਬੇੜ੍ਹਾ ਨੇ ਮੋਰਚਾ ਖੋਲ੍ਹਦਿਆਂ ਪਿੰਡ ਦੀ ਸਰਪੰਚ ਹਰਵਿੰਦਰ ਕੌਰ ਦੀ ਅਗਵਾਈ 'ਚ ਪਿੰਡ ਵਾਸੀਆਂ ਦੀ ਭਾਰੀ ਇਕਤੱਰਤਾ ਕਰ ਕੇ ਉਨ੍ਹਾਂ ਦੀ ਮਨਮਾਨੀ ਨੂੰ ਮੂੰਹ-ਤੋੜ ਜਵਾਬ ਦੇਣ ਲਈ ਵਧਾਈ ਦੀ ਤੈਅ-ਸੀਮਾ ਦਾ ਮਤਾ ਪਾਸ ਕੀਤਾ ਗਿਆ ਹੈ।
ਅੱਜ ਪਿੰਡ ਬਲਬੇੜ੍ਹਾ ਦੀ ਮੁੱਖ ਧਰਮਸ਼ਾਲਾ ਵਿਖੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਵਿੰਦਰ ਕੌਰ ਨੇ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਕਿ ਪਿੰਡ 'ਚ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਮੁੰਡਾ ਜੰਮਣ 'ਤੇ ਵਧਾਈ ਲੈਣ ਲਈ ਪੁੱਜਣ ਵਾਲੇ ਕਿੰਨਰਾਂ ਨੂੰ 15 ਹਜ਼ਾਰ ਰੁਪਏ ਅਤੇ 31 ਹਜ਼ਾਰ ਰੁਪਏ ਦੀ ਵਧਾਈ ਦੇਣ ਵਾਲੇ ਵਿਅਕਤੀਆਂ ਨੂੰ ਵੀ ਪੰਚਾਇਤ ਵੱਲੋਂ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਰਪੰਚ ਨੇ ਕਿਹਾ ਕਿ ਪਿੰਡ 'ਚ ਵਧਾਈ ਲੈਣ ਆਉਣ ਵਾਲੇ ਕਿੰਨਰਾਂ ਲਈ ਵਧਾਈ ਦੀ ਰਾਸ਼ੀ ਤੈਅ ਕੀਤੀ ਗਈ ਹੈ। ਜੇਕਰ ਪਿੰਡ ਦਾ ਕੋਈ ਵਿਅਕਤੀ ਆਰਥਕ ਪੱਖੋਂ ਮਜ਼ਬੂਤ ਹੈ ਤਾਂ ਉਹ 1100 ਰੁਪਏ ਅਤੇ ਆਰਥਕ ਪੱਖੋਂ ਕਮਜ਼ੋਰ ਵਿਅਕਤੀ 500 ਰੁਪਏ ਦੀ ਹੀ ਵਧਾਈ ਦੇਵੇਗਾ। ਜੇਕਰ ਪਿੰਡ ਦੇ ਕਿਸੇ ਵਿਅਕਤੀ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਤਾਂ ਪੰਚਾਇਤ ਉਸ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਕਰਦਿਆਂ 10 ਹਜ਼ਾਰ ਰੁਪਏ ਦਾ ਜੁਰਮਾਨਾ ਠੋਕੇਗੀ ।
ਸਰਪੰਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿੰਡ ਦੇ ਦੋਹਤੇ ਦੀ ਕੋਈ ਵਧਾਈ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਕ ਹੋਰ ਅਹਿਮ ਫੈਸਲੇ ਅਨੁਸਾਰ ਤਿਉਹਾਰਾਂ ਮੌਕੇ ਕਿੰਨਰਾਂ ਵੱਲੋਂ ਕਸਬੇ ਦੇ ਬਜ਼ਾਰ ਦੇ ਦੁਕਾਨਦਾਰਾਂ ਤੋਂ ਵਧਾਈ ਮੰਗਣ 'ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ। ਸਰਪੰਚ ਹਰਵਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਗਰਾਮ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਦੀ ਇੰਨ-ਬਿੰਨ ਪਾਲਣਾ ਕਰਨ ਤਾਂ ਕਿ ਕਿਸੇ ਵਿਅਕਤੀ ਜਾਂ ਪਰਿਵਾਰ ਨਾਲ ਧੱਕੇਸ਼ਾਹੀ ਨਾ ਹੋ ਸਕੇ।ਇਸ ਮੀਟਿੰਗ ਮੌਕੇ ਰਣਜੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਪੰਚ, ਲਛਮਣ ਦਾਸ ਵਰਮਾ, ਗੁਰਨੇਕ ਸਿੰਘ ਵਕੀਲ ਆਦਿ ਮੌਜੂਦ ਸਨ।