ਕਿਸਾਨਾਂ ਦੇ ਧਰਨੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ, 50 ਕਿਲੋਮੀਟਰ ਜ਼ਿਆਦਾ ਦੂਰੀ ਤੈਅ ਕਰ ਰਹੀਆਂ ਟਰੇਨਾਂ
Thursday, May 16, 2024 - 02:06 PM (IST)
ਚੰਡੀਗੜ੍ਹ : ਸ਼ੰਭੂ ਬਾਰਡਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ 'ਤੇ ਕਿਸਾਨਾਂ ਦੇ ਧਰਨੇ ਕਾਰਨ ਕਰੀਬ ਇਕ ਮਹੀਨੇ ਤੋਂ ਰੇਲ ਆਵਾਜਾਈ ਪ੍ਰਭਾਵਿਤ ਹੈ। ਰੇਲਵੇ ਨੇ 50 ਟਰੇਨਾਂ ਨੂੰ ਵਾਇਆ ਚੰਡੀਗੜ੍ਹ ਡਾਇਵਰਟ ਕੀਤਾ ਹੋਇਆ ਹੈ। ਡੀ. ਆਰ. ਐੱਮ. ਅੰਬਾਲਾ ਮੁਤਾਬਕ ਅੰਮ੍ਰਿਤਸਰ-ਦਿੱਲੀ ਸ਼ਤਾਬਦੀ, ਜੈਨਗਰ ਐਕਸਪ੍ਰੈੱਸ, ਮੁੰਬਈ ਇਟਰਸਿਟੀ ਸਮੇਤ ਲੰਬੀ ਦੂਰੀ ਦੀਆਂ ਕਰੀਬ 50 ਟਰੇਨਾਂ ਦਾ ਸੰਚਾਲਨ ਵਾਇਆ ਚੰਡੀਗੜ੍ਹ ਹੋ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਕਰੂਟਨੀ ਦੌਰਾਨ 22 ਨਾਮਜ਼ਦਗੀਆਂ ਰੱਦ, ਚੋਣ ਮੈਦਾਨ 'ਚ ਬਚੇ 44 ਉਮੀਦਵਾਰ
ਇਨ੍ਹਾਂ ਟਰੇਨਾਂ ਨੂੰ ਕਰੀਬ 50 ਕਿਲੋਮੀਟਰ ਦੀ ਦੂਰੀ ਜ਼ਿਆਦਾ ਤੈਅ ਕਰਨੀ ਪੈ ਰਹੀ ਹੈ। ਇਹ ਸਾਰੀਆਂ ਟਰੇਨਾਂ ਲੁਧਿਆਣਾ, ਸਾਹਨੇਵਾਲ, ਮੋਰਿੰਡਾ, ਖਰੜ, ਮੋਹਾਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਪਹੁੰਚ ਰਹੀਆਂ ਹਨ, ਜਦੋਂ ਕਿ ਪਹਿਲਾਂ ਇਹ ਟਰੇਨਾਂ ਸਾਹਨੇਵਾਲ, ਖੰਨਾ, ਸਰਹਿੰਦ, ਰਾਜਪੁਰਾ ਤੋਂ ਹੁੰਦੇ ਹੋਏ ਅੰਬਾਲਾ ਜਾਂਦੀਆਂ ਸਨ। ਸਾਹਨੇਵਾਲ ਵਾਇਆ ਚੰਡੀਗੜ੍ਹ ਸਿੰਗਲ ਟਰੈਕ ਹੈ। ਟ੍ਰੈਫਿਕ ਜ਼ਿਆਦਾ ਹੋਣ ਕਾਰਨ ਇਹ ਟਰੇਨਾਂ ਕਾਫ਼ੀ ਲੇਟ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰੇਲ ਟ੍ਰੈਫਿਕ ਜ਼ਿਆਦਾ ਵੱਧਣ ਦਾ ਅਸਰ ਸਟੇਸ਼ਨ ਕੰਪਲੈਕਸ 'ਚ ਜਾਰੀ ਨਿਰਮਾਣ ਕੰਮਾਂ 'ਤੇ ਵੀ ਪੈ ਰਿਹਾ ਹ। ਰੇਲ ਲੈਂਡ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ ਕੰਪਲੈਕਸ ਦੇ ਅੱਧੇ ਢਾਂਚੇ ਨੂੰ ਤੋੜਿਆ ਜਾਣਾ ਸੀ ਪਰ ਅਜੇ ਇਸ ਲਈ ਨਹੀਂ ਤੋੜਿਆ ਜਾ ਰਿਹਾ ਕਿਉਂਕਿ ਰੇਲ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਅਧਿਕਾਰੀ ਚੱਲਦੀ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ। ਇਸ ਕਾਰਨ ਸਟੇਸ਼ਨ ਕੰਪਲੈਕਸ 'ਤੇ ਚੱਲ ਰਹੇ ਨਿਰਮਾਣ ਕੰਮਾਂ 'ਚ ਰੁਕਾਵਟ ਪੈ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8