ਹਾਈਵੇਅ ਤੋਂ ਹਟੇਗਾ ਜਾਮ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਰ ''ਤਾ ਵੱਡਾ ਐਲਾਨ
Sunday, Oct 27, 2024 - 07:19 PM (IST)
ਫਗਵਾੜਾ/ਚੰਡੀਗੜ੍ਹ (ਵੈੱਬ ਡੈਸਕ, ਮੁਨੀਸ਼)- ਝੋਨੇ ਦੀ ਖ਼ਰੀਦ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕਿਸਾਨ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਚਾਲੇ ਅੱਜ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਦਿਵਾਏ ਗਏ ਭਰੋਸੇ ਤੋਂ ਬਾਅਦ ਹਾਈਵੇਅਜ਼ ਤੋਂ ਕਿਸਾਨਾਂ ਵੱਲੋਂ ਲਗਾਏ ਗਏ ਜਾਮ ਹਟਾ ਦਿੱਤੇ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਡੀ. ਏ. ਪੀ. ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਨੂੰ ਆ ਰਹੀ ਪਰੇਸ਼ਾਨੀ ਦੇ ਚਲਦਿਆਂ ਹਾਈਵੇਅਜ਼ ਤੋਂ ਧਰਨੇ ਹਟਾ ਦਿੱਤੇ ਜਾਣਗੇ ਜਦਕਿ ਸੜਕਾਂ ਦੇ ਕਿਨਾਰੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਧਰਨੇ ਦੇਣਾ ਕੱਲ੍ਹ ਵੀ ਸਾਡੀ ਮਜਬੂਰੀ ਸੀ ਅਤੇ ਅੱਜ ਵੀ ਸਾਡੀ ਮਜਬੂਰੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਜਤਾਈ ਇੱਛਾ
ਆਵਾਜਾਈ ਲਈ ਸੜਕਾਂ ਖਾਲੀ ਕਰ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਵੱਲੋਂ ਭਰੋਸਾ ਪੂਰਾ ਨਾ ਹੋਣ ਤੋਂ ਬਾਅਦ ਵੱਡਾ ਅੰਦੋਲਨ ਕੀਤਾ ਜਾਵੇਗਾ। ਇਥੇ ਦੱਸ ਦੇਈਏ ਕਿ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ 'ਚ ਝੋਨੇ ਦੀ ਖ਼ਰੀਦ ਵਿੱਚ ਚੱਲ ਰਹੀ ਮੁਸ਼ਕਿਲ ਹੱਲ ਕਰਵਾਉਣ ਲਈ ਪੰਜਾਬ ਅੰਦਰ ਸੰਗਰੂਰ 'ਚ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਂਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਸ਼ੁਰੂ ਧਰਨਾ ਪ੍ਰਦਰਸ਼ਨ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਮੰਤਰੀ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਫਗਵਾੜਾ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਕਿਹਾ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਦਾ ਸੰਕਟ ਬਣਿਆ ਹੋਇਆ ਹੈ, ਜਿਸ ਦੇ ਚਲਦੇ ਦੋਨਾਂ ਫੋਰਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਮਸਲਾ ਰੱਖੇ ਜਾਣ 'ਤੇ ਸਰਕਾਰ ਵੱਲੋਂ ਮੰਨਿਆ ਗਿਆ ਕਿ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ 'ਤੇ ਵੀ ਘਟ ਰੇਟ 'ਤੇ ਵਿਕਣ ਵਾਲੀ ਫ਼ਸਲ ਦੇ ਰੇਟ ਅਤੇ ਮੰਡੀ ਵਿੱਚ ਲਗਾਏ ਗਏ ਨਾਜ਼ਾਇਜ਼ ਕੱਟ ਦੀ ਭਰਪਾਈ ਆੜ੍ਹਤੀਏ ਵੱਲੋਂ ਕਾਰਵਾਈ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਆੜ੍ਹਤੀਏ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਦਿਸੇਗਾ ਚੱਕਰਵਾਤੀ ਤੂਫਾਨ ਦਾ ਅਸਰ
ਚੀਫ਼ ਮੰਡੀ ਬੋਰਡ ਵੱਲੋਂ ਕਿਹਾ ਗਿਆ ਕਿ 140 ਲੱਖ ਮੀਟ੍ਰਿਕ ਟਨ ਝੋਨੇ ਲਈ 3850 ਸ਼ੈਲਰਾਂ ਨਾਲ ਸਮਝੌਤੇ ਕੀਤੇ ਗਏ ਹਨ ਅਤੇ ਜਿਨ੍ਹਾਂ ਵਿੱਚੋਂ 2900 ਕਾਰਜ਼ਸ਼ੀਲ ਹਨ ਅਤੇ ਆਗੂਆਂ ਵੱਲੋਂ ਇਸ 'ਤੇ ਮੰਗ ਕੀਤੀ ਗਈ ਕਿ ਐਗਰੀਮੈਂਟ ਨੂੰ ਅਖ਼ਬਾਰ ਪ੍ਰੈੱਸ ਰਲੀਜ਼ ਰਾਹੀਂ ਜਨਤਕ ਕੀਤਾ ਜਾਵੇ, ਜਿਸ 'ਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਸਰਕਾਰ ਵੱਲੋਂ ਦੱਸਿਆ ਗਿਆ ਕਿ 40 ਲੱਖ ਮੀਟ੍ਰਿਕ ਟਨ ਲਈ ਆਰ. ਓ. ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮੰਨਿਆ ਕਿ ਅੱਜ ਦੀ ਤਾਰੀਖ਼ ਤੱਕ 19 ਲੱਖ ਮੀਟ੍ਰਿਕ ਟਨ ਦੀ ਲਿਫ਼ਟਿੰਗ ਕੀਤੀ ਗਈ ਹੈ, ਜਿਸ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਰਕਾਰੀ ਅੰਕੜਿਆਂ ਅਨੁਸਾਰ 49 ਲੱਖ ਟਨ ਝੋਨਾ ਮੰਡੀਆਂ ਵਿਚ ਆ ਚੁੱਕਾ ਹੈ ਯਾਨੀ ਕਿ 30 ਲੱਖ ਟਨ ਝੋਨਾ ਮੰਡੀਆਂ ਵਿੱਚ ਪਿਆ ਹੈ, ਜਿਸ ਕਰਕੇ ਮੰਡੀਆਂ ਬਲਾਕ ਹੋਈਆਂ ਪਈਆਂ ਹਨ।
ਕਿਸਾਨ ਆਗੂਆਂ ਨੇ ਪੁੱਛਿਆ ਕਿ ਝੋਨੇ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਮੁੱਖ ਮੰਤਰੀ ਦੀ ਹੋਈ ਮੁਲਾਕਾਤ ਵਿੱਚ ਹੋਈ ਗੱਲਬਾਤ ਨੂੰ ਜਨਤਕ ਕੀਤਾ ਜਾਵੇ। ਕਿਸਾਨ ਆਗੂਆਂ ਵੱਲੋਂ ਮੰਗ ਰੱਖੀ ਗਈ ਕਿ ਪੂਰੇ ਕਿਸਾਨਾਂ ਦੇ ਝੋਨੇ ਦੀ ਪ੍ਰੋਕਓਰਮਿੰਟ ਤੱਕ ਮੰਡੀ ਖੁੱਲ੍ਹੀ ਰੱਖੀ ਜਾਵੇ, ਇਸ ਮੰਗ 'ਤੇ ਸਰਕਾਰ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ। ਆਗੂਆਂ ਵੱਲੋਂ ਕਣਕ ਦੀ ਬਿਜਾਈ ਲਈ ਡੀ. ਏ. ਪੀ. ਦੀ ਕਮੀ ਨੂੰ ਪੂਰਾ ਕਰਨ ਲਈ ਤਿਆਰੀ ਕੀਤੀ ਜਾਵੇ, ਜਿਸ 'ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਆਪਰੇਟਿਵ ਸੁਸਾਇਟੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਆਮ ਕਿਸਾਨ ਆਪਣਾ ਅਧਾਰ ਕਾਰਡ ਵਿਖਾ ਕੇ ਨਕਦ ਡੀ. ਏ. ਪੀ. ਲੈ ਸਕਦਾ ਹੈ।
ਇਸ ਪਿੱਛੋਂ ਕਿਸਾਨ ਆਗੂਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਅਤੇ 1-2 ਦਿਨਾਂ ਵਿੱਚ ਹਾਲਾਤ ਸੁਧਾਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਰੋਡ ਜਾਮ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਰੋਡ ਸਾਈਡ 'ਤੇ ਬੈਠ ਕੇ ਸੰਕੇਤਕ ਧਰਨਾ ਜਾਰੀ ਰਹੇਗਾ ਅਤੇ ਜੇਕਰ ਆਉਂਦੇ ਦਿਨਾਂ ਵਿੱਚ ਹਾਲਾਤ ਵਿਚ ਸੁਧਾਰ ਨਾ ਹੋਇਆ ਤਾਂ ਫਿਰ ਤੋਂ ਤਿੱਖੇ ਐਕਸ਼ਨ ਕੀਤੇ ਜਾਣਗੇ।
ਇਸ ਮੌਕੇ ਦਿਲਬਾਗ ਸਿੰਘ ਹਰੀਗੜ੍ਹ, ਗੁਰਿੰਦਰ ਸਿੰਘ ਭੰਗੂ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਸਿੱਧੂਪੁਰ, ਸਤਨਾਮ ਸਿੰਘ ਬਹਿਰੂ, ਸਤਨਾਮ ਸਿੰਘ ਸਾਹਨੀ, ਸੁਖਜਿੰਦਰ ਸਿੰਘ ਖੋਸਾ, ਹਰਪ੍ਰੀਤ ਸਿੰਘ ਸਿੱਧਵਾਂ, ਸੁਖਜੀਤ ਸਿੰਘ ਹਰਦੋਝੰਡੇ, ਜਰਮਨਜੀਤ ਸਿੰਘ ਬੰਡਾਲਾ, ਹਰਸੁਲਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਜੀਰਾ, ਬਲਵੰਤ ਸਿੰਘ ਬਹਿਰਾਮਕੇ, ਰਣਜੀਤ ਸਿੰਘ ਕਲੇਰ ਬਾਲਾ, ਸੁਖਪਾਲ ਸਿੰਘ ਡੱਫਰ, ਅਮਰਜੀਤ ਸਿੰਘ ਰੜਾ, ਕੰਵਰਦਲੀਪ ਸੈਦੋਲੇਹਲ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8