ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਮੰਤਰਾਲਾ ਨੇ ਮਾਸਿਕ ਸੀਜ਼ਨ ਟਿਕਟ ਦੀ ਸਹੂਲਤ ਨੂੰ ਸ਼ੁਰੂ ਕਰਨ ਦਾ ਲਿਆ ਫ਼ੈਸਲਾ
Sunday, Aug 15, 2021 - 02:40 PM (IST)
ਜੈਤੋ (ਰਘੂਨੰਦਨ ਪਰਾਸ਼ਰ) - ਰੇਲ ਮੰਤਰਾਲਾ ਨੇ ਰੇਲ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਰੇਲ ਸੇਵਾਵਾਂ 'ਚ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਇਸ ਬਾਰੇ ਰੇਲ ਮੰਡਲ ਫ਼ੈਸਲਾ ਕਰਨਗੇ ਕਿ ਫਿਲਹਾਲ ਉਸ ਨੇ ਕਿੰਨਾਂ-ਕਿੰਨਾਂ ਟ੍ਰੇਨਾਂ ਲਈ ਮਹੀਨਾ ਟਿਕਟ ਬਣਾਉਣੀ ਹੈ। ਇਸ ਦੌਰਾਨ ਪਤਾ ਲੱਗਾ ਕਿ ਉੱਤਰ ਪੱਛਮੀ ਰੇਲਵੇ 'ਤੇ ਯਾਤਰੀਆਂ ਨੂੰ ਦੇਖਦੇ ਹੋਏ 19 ਜੋੜੀਆਂ ਵਿਸ਼ੇਸ਼ ਰੇਲ ਸੇਵਾਵਾਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਦੂਜੇ ਪਾਸੇ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਜੋ ਟ੍ਰੇਨਾਂ ਮਾਸਿਕ ਟਿਕਟ ਲਈ ਨਿਰਧਾਰਤ ਕੀਤੀਆਂ ਗਈਆਂ ਹਨ, ਯਾਤਰੀ ਉਨ੍ਹਾਂ ਟ੍ਰੇਨਾਂ 'ਚ ਹੀ ਯਾਤਰਾ ਕਰ ਸਕਦੇ ਹਨ। ਜੇਕਰ ਉਹ ਕਿਸੇ ਹੋਰ ਟ੍ਰੇਨ 'ਚ ਸਫ਼ਰ ਕਰਦਾ ਪਾਇਆ ਗਿਆ, ਤਾਂ ਉਸ ਨੂੰ ਬਿਨਾਂ ਟਿਕਟ ਮੰਨਿਆ ਜਾਵੇਗਾ। ਰੇਲ ਮੰਤਰਾਲੇ ਨੇ ਕੋਰੋਨਾ ਲਹਿਰ ਦੌਰਾਨ ਮਾਸਿਕ ਟਿਕਟ ਅਤੇ ਸੀਨੀਅਰ ਸਿਟੀਜਨ ਸਹੂਲਤਾਂ ਬੰਦ ਕਰ ਦਿੱਤੀਆਂ ਸਨ।
ਇਸ ਦੌਰਾਨ ਉਤਰ ਰੇਲਵੇ ਜ਼ੋਨਲ ਉਪਯੋਗਕਰਤਾ ਪਰਾਮਰਸ਼ ਯਾਤਰੀ ਕਮੇਟੀ ਦੇ ਮੈਂਬਰ ਹਨੁਮਾਨ ਦਾਸ ਗੋਇਲ ਤੇ ਉੱਤਰੀ ਖੇਤਰੀ ਦੈਨਿਕ ਰੇਲ ਯਾਤਰੀ ਤੇ ਕਲਿਆਣ ਸੰਘ ਦੇ ਪ੍ਰਧਾਨ ਰਘੂਨਦੰਨ ਪਰਾਸ਼ਰ ਨੇ ਫਿਰੋਜ਼ਪੁਰ ਰੇਲ ਮੰਡਲ ਪ੍ਰਬੰਧਕ ਸੀਮਾ ਸ਼ਰਮਾ ਨੂੰ ਇਕ ਪੱਤਰ ਲਿਖਿਆ। ਪੱਤਰ ਲਿਖ ਕੇ ਉਨ੍ਹਾਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਮੰਡਲ ’ਚ ਵੀ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਸ਼ੁਰੂ ਕੀਤੀ ਜਾਵੇ।