...ਤਾਂ ਇਸ ਕਰਕੇ ਟ੍ਰੈਫਿਕ ਪੁਲਸ ਜੁਆਇਨ ਨਹੀਂ ਕਰਨਾ ਚਾਹੁੰਦੇ ਨੌਜਵਾਨ ਮੁਲਾਜ਼ਮ

12/08/2019 11:36:36 AM

ਜਲੰਧਰ (ਵਰੁਣ)— ਟ੍ਰੈਫਿਕ ਪੁਲਸ 'ਚ ਔਖੀ ਡਿਊਟੀ ਕਾਰਨ ਨੌਜਵਾਨ ਮੁਲਾਜ਼ਮ ਟ੍ਰੈਫਿਕ ਪੁਲਸ ਜੁਆਇਨ ਕਰਨ 'ਚ ਕੰਨੀ ਕਤਰਾ ਰਹੇ ਹਨ। ਸੜਕਾਂ 'ਤੇ ਆਮ ਦੇਖੀ ਜਾਣ ਵਾਲੀ ਟ੍ਰੈਫਿਕ ਪੁਲਸ 'ਚ ਸਿਰਫ ਦੋ ਤੋਂ ਤਿੰਨ ਮੁਲਾਜ਼ਮ ਹੀ ਨੌਜਵਾਨ ਹਨ, ਜਦਕਿ ਬਾਕੀ ਦੇ ਸਾਰੇ ਮੁਲਾਜ਼ਮ ਪੁਰਾਣੇ ਹਨ। 2017 'ਚ ਜਲੰਧਰ ਟ੍ਰੈਫਿਕ ਪੁਲਸ 'ਚ 250 ਦੇ ਕਰੀਬ ਮੁਲਾਜ਼ਮ ਹੋਇਆ ਕਰਦੇ ਸਨ। ਹਾਲਾਂਕਿ ਜਲੰਧਰ 'ਚ ਵਾਹਨਾਂ ਅਤੇ ਆਬਾਦੀ ਦੇ ਅੰਕੜੇ ਦੇਖੇ ਜਾਣ ਤਾਂ 250 ਮੁਲਾਜ਼ਮ ਵੀ ਘੱਟ ਸਨ ਪਰ ਦਸੰਬਰ 2019 'ਚ ਟ੍ਰੈਫਿਕ ਪੁਲਸ 'ਚ ਸਿਰਫ 150 ਮੁਲਾਜ਼ਮ ਹੀ ਰਹਿ ਗਏ ਹਨ।

ਟ੍ਰੈਫਿਕ ਪੁਲਸ ਕਰਮਚਾਰੀਆਂ ਦੇ ਰਿਟਾਇਰ ਹੋਣ ਦੇ ਬਾਵਜੂਦ ਭਰਤੀ ਨਹੀਂ ਹੋ ਸਕੀ। ਟ੍ਰੈਫਿਕ 'ਚ ਸਖਤੀ ਅਤੇ ਲੰਮੀ ਡਿਊਟੀ ਕਾਰਨ ਨੌਜਵਾਨ ਮੁਲਾਜ਼ਮ ਪੁਲਸ ਵਿਭਾਗ ਦੇ ਵੱਖ-ਵੱਖ ਦਫਤਰਾਂ, ਪੀ. ਸੀ. ਆਰ. ਜਾਂ ਫਿਰ ਥਾਣਿਆਂ ਨੂੰ ਪਸੰਦ ਕਰ ਰਹੇ ਹਨ ਪਰ ਟ੍ਰੈਫਿਕ ਪੁਲਸ 'ਚ ਤਿੰਨ ਨੌਜਵਾਨ ਮੁਲਾਜ਼ਮਾਂ ਨੂੰ ਛੱਡ ਕੇ ਕੋਈ ਵੀ ਨੌਜਵਾਨ ਮੁਲਾਜ਼ਮ ਆਉਣ ਨੂੰ ਤਿਆਰ ਨਹੀਂ। ਕਰੀਬ 8 ਮਹੀਨੇ ਪਹਿਲਾਂ ਟ੍ਰੈਫਿਕ ਪੁਲਸ ਦੇ ਸਾਬਕਾ ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਨੇ ਟ੍ਰੈਫਿਕ ਪੁਲਸ 'ਚ 30 ਲੇਡੀ ਪੁਲਸ ਕਰਮਚਾਰੀਆਂ ਨੂੰ ਟ੍ਰੇਨਿੰਗ ਦੇ ਕੇ ਭਰਤੀ ਕੀਤਾ ਸੀ ਪਰ ਔਖੀ ਅਤੇ ਲੰਮੀ ਡਿਊਟੀ ਕਾਰਨ 22 ਦੇ ਕਰੀਬ ਮਹਿਲਾ ਮੁਲਾਜ਼ਮਾਂ ਨੇ ਟ੍ਰੈਫਿਕ ਪੁਲਸ 'ਚੋਂ ਟਰਾਂਸਫਰ ਕਰਵਾ ਲਈ ਅਤੇ ਵੱਖ-ਵੱਖ ਵਿਭਾਗਾਂ ਅਤੇ ਥਾਣਿਆਂ 'ਚ ਤਾਇਨਾਤ ਹੋ ਗਈਆਂ।
ਟ੍ਰੈਫਿਕ ਪੁਲਸ ਦੇ ਸਾਬਕਾ ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਨੇ ਕਿਹਾ ਸੀ ਕਿ ਉਕਤ ਮੁਲਾਜ਼ਮਾਂ ਨੂੰ ਦੋਬਾਰਾ ਟ੍ਰੈਫਿਕ ਪੁਲਸ 'ਚ ਲਿਆਇਆ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਟ੍ਰੈਫਿਕ ਪੁਲਸ 'ਚ ਮਹਿਲਾ ਮੁਲਾਜ਼ਮਾਂ ਦੀ ਗਿਣਤੀ 8 ਹੀ ਰਹਿ ਚੁੱਕੀ ਹੈ।

ਟ੍ਰੈਫਿਕ ਪੁਲਸ ਕੋਲ ਸਿਰਫ 3 ਸਰਕਾਰੀ ਗੱਡੀਆਂ
150 ਦੀ ਗਿਣਤੀ 'ਚ ਸਿਮਟੀ ਟ੍ਰੈਫਿਕ ਪੁਲਸ ਕੋਲ ਸਿਰਫ 3 ਹੀ ਸਰਕਾਰੀ ਗੱਡੀਆਂ ਹਨ। ਤਿੰਨ ਗੱਡੀਆਂ 'ਚੋਂ ਦੋ ਟਵੇਰਾ ਅਤੇ ਇਕ ਮਾਰੂਤੀ ਵੈਨ ਹੈ। 2 ਗੱਡੀਆਂ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਅਤੇ ਇਕ ਗੱਡੀ ਏ. ਐੱਸ. ਆਈ. ਕੋਲ ਰਹਿੰਦੀ ਹੈ। ਹਾਲਾਂਕਿ ਜੇਕਰ ਕਿਸੇ ਨੂੰ ਹੋਰ ਗੱਡੀ ਦੀ ਵਰਤੋਂ ਕਰਨੀ ਪਵੇ ਤਾਂ ਉਸ ਨੂੰ ਖੁਦ ਦੀ ਗੱਡੀ ਲਾਉਣੀ ਪੈਂਦੀ ਹੈ। ਸਪੀਡ ਮੀਟਰ ਦਾ ਨਾਕਾ ਲਗਾਉਣ 'ਤੇ ਵੀ ਮੁਲਾਜ਼ਮਾਂ ਨੂੰ ਨਿੱਜੀ ਗੱਡੀ ਦੀ ਵਰਤੋਂ ਕਰਨੀ ਪੈਂਦੀ ਹੈ। ਹਾਲਾਂਕਿ ਘੱਟ ਗੱਡੀਆਂ ਬਾਰੇ ਜਦੋਂ ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਭੱਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ 10 ਸਰਕਾਰੀ ਗੱਡੀਆਂ ਦੀ ਮੰਗ ਕੀਤੀ ਗਈ ਸੀ ਪਰ ਅਜੇ ਤਕ ਗੱਡੀਆਂ ਨਹੀਂ ਮਿਲੀਆਂ।

ਟ੍ਰੈਫਿਕ ਪੁਲਸ 'ਚ ਇਸ ਸਮੇਂ 5 ਇੰਸਪੈਕਟਰ, 4 ਸਬ-ਇੰਸਪੈਕਟਰ, 35 ਏ. ਐੱਸ. ਆਈ. ਕੁੱਲ ਮਿਲਾ ਕੇ 150 ਮੁਲਾਜ਼ਮ ਹਨ। ਇਨ੍ਹਾਂ 'ਚੋਂ 8 ਤੋਂ 10 ਮੁਲਾਜ਼ਮ ਆਫਿਸ ਦੇ ਕੰਮਾਂ ਲਈ ਹਨ ਅਤੇ ਬਾਕੀ ਦੇ ਫੀਲਡ 'ਚ ਰਹਿੰਦੇ ਹਨ। ਜੇਕਰ ਆਲੇ-ਦੁਆਲੇ ਦੇ ਜ਼ਿਲਿਆਂ 'ਚ ਵੀ. ਵੀ. ਆਈ. ਪੀ. ਰੂਟ ਦੌਰਾਨ ਟ੍ਰੈਫਿਕ ਪੁਲਸ ਦੀ ਡਿਮਾਂਡ ਹੁੰਦੀ ਹੈ ਤਾਂ 150 ਦੇ ਕਰੀਬ ਮੁਲਾਜ਼ਮਾਂ ਨੂੰ ਬਾਹਰੀ ਜ਼ਿਲਿਆਂ 'ਚ ਵੀ. ਵੀ. ਆਈ. ਪੀ. ਰੂਟ 'ਤੇ ਭੇਜ ਦਿੱਤਾ ਜਾਂਦਾ ਹੈ। ਟ੍ਰੈਫਿਕ ਪੁਲਸ ਦੀ ਘੱਟ ਨਫਰੀ ਕਾਰਨ ਵੀ ਟ੍ਰੈਫਿਕ ਸਮੱਸਿਆ ਵਧੀ ਹੋਈ ਹੈ।
ਟ੍ਰੈਫਿਕ ਪੁਲਸ 'ਚ ਭਰਤੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲਦੀ ਹੀ ਨਵਾਂ ਸਟਾਫ ਰੱਖਿਆ ਜਾਵੇਗਾ। ਟ੍ਰੈਫਿਕ ਪੁਲਸ 'ਚ ਘੱਟ ਨਫਰੀ ਕਾਰਨ ਹੀ ਮੁਲਾਜ਼ਮਾਂ ਨੂੰ ਜ਼ਿਆਦਾ ਡਿਊਟੀ ਦੇਣੀ ਪੈ ਰਹੀ ਹੈ ਪਰ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।-ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ


shivani attri

Content Editor

Related News