ਟ੍ਰੈਫਿਕ ਪੁਲਸ ਨੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ''ਤੇ ਕੱਸਿਆ ਸ਼ਿਕੰਜਾ

01/15/2018 2:12:16 PM

ਮਾਲੇਰਕੋਟਲਾ (ਜ਼ਹੂਰ)— ਦਿਨ-ਬ-ਦਿਨ ਵਧ ਰਹੇ ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਡੀ.ਐੱਸ.ਪੀ. ਯੋਗੀਰਾਜ ਦੀ ਅਗਵਾਈ ਹੇਠ ਆਰੰਭੀ ਗਈ ਮੁਹਿੰਮ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਟ੍ਰੈਫਿਕ ਪੁਲਸ ਦੇ ਇੰਚਾਰਜ ਕਰਨਜੀਤ ਸਿੰਘ ਜੈਜੀ ਨੇ ਗਰੇਵਾਲ ਚੌਕ 'ਚ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ।
ਵਾਹਨਾਂ ਦੇ ਕਾਗਜ਼ ਚੈੱਕ ਕੀਤੇ ਗਏ, ਟ੍ਰੈਫਿਕ ਬੱਤੀਆਂ ਦੀ ਉਲੰਘਣਾ ਕਰਨ ਵਾਲੇ, ਪ੍ਰੈਸ਼ਰ ਹਾਰਨਾਂ ਵਾਲੇ ਅਤੇ ਜੋ ਵਾਹਨ ਦੇ ਡਾਲੇ ਤੋਂ ਬਾਹਰ ਨਿਯਮਾਂ ਦੇ ਉਲਟ ਸਾਮਾਨ ਵਧਾ ਕੇ ਰੱਖਦੇ ਹਨ, ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਕਾਰਾਂ, ਜੀਪਾਂ, ਦੋਪਹੀਆ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਮਿਲੇ, ਉਨ੍ਹਾਂ ਦੇ ਤੁਰੰਤ ਚਲਾਨ ਕੱਟੇ ਗਏ।
ਟ੍ਰੈਫਿਕ ਇੰਚਾਰਜ ਕਰਨਜੀਤ ਸਿੰਘ ਜੈਜੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਜਿਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ, ਉਥੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹੌਲਦਾਰ ਭਰਪੂਰ ਸਿੰਘ, ਹੌਲਦਾਰ ਤੇਜਾ ਸਿੰਘ, ਅਮਨ ਸ਼ਰਮਾ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ।


Related News