ਸ਼ਹਿਰ ਦੇ ਤੰਗ ਮਾਰਗਾਂ ''ਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਰਾਹਗੀਰ ਪ੍ਰੇਸ਼ਾਨ
Monday, Jan 29, 2018 - 12:20 AM (IST)

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ ਦੇ ਤੰਗ ਮਾਰਗਾਂ 'ਤੇ ਰੋਜ਼ਾਨਾ ਲੱਗਣ ਵਾਲੇ ਟ੍ਰੈਫਿਕ ਜਾਮ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਫੂਲ ਚੱਕਰ ਚੌਕ ਕੋਲ ਗੁਰਦੁਆਰਾ ਸਿੰਘ ਸਭਾ ਨੇੜੇ ਟ੍ਰੈਫਿਕ ਸਮੱਸਿਆ ਕਾਰਨ ਰਾਹਗੀਰਾਂ ਦੇ ਨਾਲ-ਨਾਲ ਦੁਕਾਨਦਾਰ ਵਰਗ ਵੀ ਪ੍ਰਭਾਵਿਤ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਕਤ ਮਾਰਗ 'ਤੇ ਵਾਹਨ ਚਾਲਕ ਸੜਕ ਘੱਟ ਚੌੜੀ ਹੋਣ ਦੇ ਬਾਵਜੂਦ ਰਸਤੇ 'ਚ ਵਾਹਨ ਪਾਰਕ ਕਰ ਕੇ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ।
ਕੀ ਕਹਿਣਾ ਹੈ ਟ੍ਰੈਫਿਕ ਇੰਚਾਰਜ ਦਾ : ਇਸ ਸਬੰਧੀ ਜਦੋਂ ਸਿਟੀ ਟ੍ਰੈਫਿਕ ਪੁਲਸ ਇੰਚਾਰਜ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੰਗ ਮਾਰਗਾਂ 'ਤੇ ਗੈਰ-ਕਾਨੂੰਨੀ ਪਾਰਕਿੰਗ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਨਾਊਂਸਮੈਂਟ ਕਰਵਾਉਣ ਲਈ ਵੀ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਪਾਰਕਿੰਗ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟ੍ਰੈਫਿਕ ਵਿਵਸਥਾ ਬਣਾਈ ਰੱਖਣ ਦੇ ਮਾਮਲੇ 'ਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ।