ਪ੍ਰਸ਼ਾਸਨ ਦੀ ਅਣਦੇਖੀ, 2 ਘੰਟੇ ਜਾਮ ਰਿਹਾ ਟਰੈਫਿਕ
Friday, Mar 02, 2018 - 07:53 AM (IST)

ਨਾਭਾ (ਜੈਨ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੌਰਾਨ ਇਥੇ ਕਈ ਥਾਈਂ ਪ੍ਰੀਖਿਆ ਸੈਂਟਰ ਤਾਂ ਬਣਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਵਿਦਿਆਰਥੀਆਂ, ਲੋਕਾਂ ਤੇ ਰਾਹਗੀਰਾਂ ਦੀ ਸੁਰੱਖਿਆ ਲਈ ਪ੍ਰਬੰਧ ਰੱਬ ਆਸਰੇ ਹੀ ਛੱਡ ਦਿੱਤੇ, ਜਿਸ ਦਾ ਖਮਿਆਜ਼ਾ ਹੁਣ ਲੋਕ ਭੁਗਤ ਰਹੇ ਹਨ। ਅਲੌਹਰਾਂ ਗੇਟ ਦੇ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਆਰੀਆ ਹਾਈ ਸਕੂਲ ਪਟਿਆਲਾ ਗੇਟ ਵਿਖੇ ਬਾਅਦ ਦੁਪਹਿਰ ਹੋਣ ਵਾਲੀ ਪ੍ਰੀਖਿਆ ਸਮੇਂ ਲਗਭਗ ਦੋ ਘੰਟੇ ਟਰੈਫਿਕ ਜਾਮ ਰਿਹਾ। ਇਨ੍ਹਾਂ ਸੈਂਟਰਾਂ ਅੱਗੇ ਵਿਦਿਆਰਥੀ, ਵਿਦਿਆਰਥਣਾਂ ਧੱਕੇ ਖਾਣ ਲਈ ਮਜਬੂਰ ਹੋਏ। ਸਾਈਕਲ/ਦੁਪਹੀਆ ਵਾਹਨ ਖੜ੍ਹੇ ਕਰਨ ਲਈ ਕੋਈ ਪ੍ਰਬੰਧ ਨਹੀਂ ਸੀ। ਸਕੂਲ ਦੇ ਅੰਦਰ ਵਾਹਨ ਦਾਖਲ ਨਹੀਂ ਹੋਣ ਦਿੱਤੇ ਗਏ ਜਦਕਿ ਬਾਜ਼ਾਰ ਵਿਚ ਦੁਕਾਨਦਾਰਾਂ ਨੇ ਵਾਹਨ ਖੜ੍ਹੇ ਨਹੀਂ ਹੋਣ ਦਿੱਤੇ। ਦੋ ਘੰਟੇ ਸਥਿਤੀ ਤਣਾਅਪੂਰਨ ਬਣੀ ਰਹੀ।
ਬਾਜ਼ਾਰਾਂ ਵਿਚ ਜਾਮ ਲੱਗਣ ਕਾਰਨ ਰਾਹਗੀਰਾਂ ਨੇ ਨਾਅਰੇਬਾਜ਼ੀ ਕੀਤੀ। ਵਰਨਣਯੋਗ ਹੈ ਕਿ ਦੋਵਾਂ ਸੈਂਟਰਾਂ ਲਾਗੇ ਸਟੇਟ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਬ੍ਰਾਂਚਾਂ, ਡਾਕਟਰਾਂ ਦੇ ਕਲੀਨਿਕ ਤੇ ਹੋਰ ਕਮਰਸ਼ੀਅਲ ਅਦਾਰੇ ਸਥਿਤ ਹਨ ਪਰ ਕੋਈ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਕੀਤਾ ਗਿਆ। ਪਟਿਆਲਾ ਗੇਟ ਸੈਂਟਰ ਲਾਗੇ ਸੀ. ਆਈ. ਏ. ਸਟਾਫ ਤੇ ਪਟਵਾਰਖਾਨਾ ਵੀ ਸਥਿਤ ਹੈ। ਕੈਬਨਿਟ ਮੰਤਰੀ ਦੇ ਸ਼ਹਿਰ ਵਿਚ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਖਿਲਾਫ ਦੁਕਾਨਦਾਰਾਂ, ਵਿਦਿਆਰਥੀਆਂ ਦੇ ਮਾਪਿਆਂ ਤੇ ਰਾਹਗੀਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਕਹਿੰਦੇ ਸੁਣੇ ਗਏ ਕਿ ਬੈਂਕਾਂ ਤੇ ਏ. ਟੀ. ਐੱਮਜ਼ ਅੱਗੇ ਭੀੜ ਭੜੱਕੇ 'ਤੇ ਕਾਬੂ ਪਾਉਣ ਲਈ ਪੁਲਸ ਪ੍ਰਬੰਧ ਜ਼ਰੂਰੀ ਹਨ ਕਿਉਂਕਿ ਇਥੇ ਪਹਿਲਾਂ ਹੀ 4 ਏ. ਟੀ. ਐੱਮਜ਼ ਲੁੱਟੇ ਜਾ ਚੁੱਕੇ ਹਨ ਪਰ ਪ੍ਰਸ਼ਾਸਨ ਕੋਈ ਸਬਕ ਨਹੀਂ ਲੈ ਰਿਹਾ।