ਫਗਵਾੜੇ ਦੀ ਟ੍ਰੈਫ਼ਿਕ ਵਿਵਸਥਾ ''ਰੱਬ ਆਸਰੇ''

11/26/2017 2:54:09 AM

ਫਗਵਾੜਾ,   (ਹਰਜੋਤ)-  ਭਾਵੇਂ ਸ਼ਹਿਰ ਦੇ ਪੁਲਸ ਅਧਿਕਾਰੀ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਅਤੇ ਹਰ ਕੋਈ ਆਇਆ ਨਵਾਂ ਅਫ਼ਸਰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਹੀ ਦਾਅਵਾ ਕਰਦਾ ਹੈ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਣਗੇ ਪਰ ਇਹ ਗੱਲ ਦਫ਼ਤਰਾਂ ਤਕ ਹੀ ਸੀਮਿਤ ਰਹਿ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਹ ਬਾਜ਼ਾਰਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਦੇਖਣਾ ਜਾਇਜ਼ ਨਹੀਂ ਸਮਝਦੇ। ਇਥੇ ਨਵੇਂ ਆਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਖੁਦ ਬਾਜ਼ਾਰਾਂ 'ਚ ਜਾ ਕੇ ਦੁਕਾਨਦਾਰਾਂ ਨੂੰ ਸਾਮਾਨ ਅੰਦਰ ਅਤੇ ਸੜਕਾਂ ਕੰਢੇ ਗੱਡੀਆਂ ਨਾ ਖੜ੍ਹੀਆਂ ਕਰਨ ਦੀ ਵੀ ਹਦਾਇਤ ਕੀਤੀ ਸੀ ਪਰ ਲੋਕ ਇਨ੍ਹਾਂ ਹੁਕਮਾਂ ਨੂੰ ਟਿੱਚ ਵੀ ਨਹੀਂ ਜਾਣਦੇ। ਪੁਲਸ ਵੱਲੋਂ ਬੰਗਾ ਰੋਡ ਦੀ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਇੱਕ ਨਾਕਾ ਹੀ ਲਾਇਆ ਹੋਇਆ ਹੈ ਅਤੇ ਬਾਕੀ ਬਾਜ਼ਾਰ ਦੀ ਟ੍ਰੈਫ਼ਿਕ ਰੱਬ ਆਸਰੇ ਹੀ ਚਲ ਰਹੀ ਹੈ। 
ਸ਼ਹਿਰ 'ਚ ਟ੍ਰੈਫ਼ਿਕ ਦਾ ਤਾਂ ਹਾਲ ਬਹੁਤ ਹੀ ਬੁਰਾ ਹੈ ਅਤੇ ਆਮ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ ਪਰ ਪੁਲਸ ਵੱਲੋਂ ਬਾਜ਼ਾਰਾਂ 'ਚ ਸੜਕਾਂ ਦੇ ਕੰਢੇ ਖੜ੍ਹੀਆਂ ਗੱਡੀਆਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਬਲਕਿ ਸੁਭਾਸ਼ ਨਗਰ ਚੌਕ 'ਚ ਇੱਕ ਨਾਕਾ ਲਗਾ ਕੇ ਉਥੇ ਤਿੰਨ-ਚਾਰ ਪੁਲਸ ਮੁਲਾਜ਼ਮ ਤਾਇਨਾਤ ਕਰਕੇ ਹੀ ਵਨ-ਵੇ ਕਰ ਦਿੱਤਾ ਜਾਂਦਾ ਹੈ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਗੋਲ ਚੌਕ ਵਾਲੇ ਪਾਸਿਓਂ ਆ ਕੇ ਬਾਜ਼ਾਰਾਂ 'ਚ ਦਾਖ਼ਲ ਹੋਣ ਲਈ ਫ਼ੁਰਮਾਨ ਦੇ ਦਿੱਤਾ ਜਾਂਦਾ ਹੈ। ਸੁਭਾਸ਼ ਨਗਰ ਚੌਕ 'ਚ ਖੜ੍ਹੇ ਮੁਲਾਜ਼ਮ ਆਪਣੇ ਚਹੇਤਿਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਤਾਂ ਵਨ-ਵੇ ਵਾਲੇ ਪਾਸਿਓਂ ਲੰਘਾਉਂਦੇ ਰਹਿੰਦੇ ਹਨ ਪਰ ਆਮ ਜਨਤਾ ਨੂੰ ਪੁੱਠਾ ਹੀ ਬੋਲਦੇ ਹਨ। ਜਿਸ ਕਾਰਨ ਆਮ ਲੋਕ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ। ਜਿਹੜੇ ਦੁਕਾਨਦਾਰਾਂ ਨੇ ਆਪਣੀ ਗੱਡੀ ਲੈ ਕੇ ਦੁਕਾਨ ਤੱਕ ਵੀ ਜਾਣਾ ਹੁੰਦਾ ਹੈ ਉਨ੍ਹਾਂ ਨੂੰ ਵੀ ਘੁੰਮ ਕੇ ਹੀ ਜਾਣਾ ਪੈਂਦਾ ਹੈ। ਸੁਭਾਸ਼ ਨਗਰ ਚੌਕ ਤੋਂ ਲੈ ਕੇ ਗੋਲ ਚੌਕ ਤੱਕ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਕੰਢਿਆਂ ਤੱਕ ਸਾਮਾਨ ਟਿਕਾਇਆ ਜਾਂਦਾ ਹੈ। ਬਾਜ਼ਾਰਾਂ 'ਚ ਸੜਕਾਂ ਦੇ ਕੰਢਿਆਂ ਤੱਕ ਖਾਣ-ਪੀਣ ਦੀਆਂ ਰੇਹੜੀਆਂ ਵੀ ਲੱਗ ਚੁੱਕੀਆਂ ਹਨ ਪਰ ਕੋਈ ਨਿਗਮ ਦਾ ਅਧਿਕਾਰੀ ਜਾਂ ਪੁਲਸ ਇਸ ਸਬੰਧੀ ਬੋਲਣ ਨੂੰ ਤਿਆਰ ਹੀ ਨਹੀਂ।  


Related News