ਧਾਰਮਿਕ ਯਾਤਰਾ ਤੋਂ ਪਰਤ ਰਹੇ ਟ੍ਰੈਕਟਰ ਹਾਦਸੇ ਦਾ ਸ਼ਿਕਾਰ, ਚਾਲਕ ਲਗਾ ਰਹੇ ਸਨ Race
Thursday, Dec 29, 2022 - 12:53 AM (IST)
ਸਾਹਨੇਵਾਲ (ਜਗਰੂਪ): ਧਾਰਮਿਕ ਸਥਾਨ ਦੀ ਯਾਤਰਾ ਤੋਂ ਵਾਪਸ ਪਰਤ ਰਹੇ ਫਾਰਮਟ੍ਰੈਕ ਟਰੈਕਟਰਾਂ ਦੇ ਦੋ ਚਾਲਕਾਂ ਨੂੰ ਇਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਇਕ ਅਣਪਛਾਤੇ ਵਾਹਨ ਚਾਲਕ ਵੱਲੋਂ ਅੱਗੇ ਤੋਂ ਕੱਟ ਮਾਰਨ ਦੇ ਚੱਲਦੇ ਦੋਵੇਂ ਟ੍ਰੈਕਟਰ ਅਸੰਤੁਲਿਤ ਹੋ ਕੇ ਡਿਵਾਇਡਰ ਨਾਲ ਜਾ ਟਕਰਾਏ। ਇਸ ਕਾਰਨ ਦੋਵੇਂ ਟ੍ਰੈਕਟਰ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ। ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਵੇਂ ਟ੍ਰੈਕਟਰ ਚਾਲਕ ਕੁਝ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਪਰਤ ਰਹੇ ਸੀ। ਜੀ.ਟੀ. ਰੋਡ ਉੱਪਰ ਇਕ ਦੂਸਰੇ ਨਾਲੋਂ ਅੱਗੇ ਨਿਕਲਣ ਦੀ ਦੌੜ ਦੌਰਾਨ ਸਾਹਮਣੇ ਤੋਂ ਕਿਸੇ ਹੋਰ ਵਾਹਨ ਨੇ ਕੱਟ ਮਾਰ ਦਿੱਤਾ।
ਜਿਸ ਕਾਰਨ ਅੱਗੇ ਵਾਲਾ ਟ੍ਰੈਕਟਰ ਚਾਲਕ ਅਸੰਤੁਲਿਤ ਹੋ ਗਿਆ ਅਤੇ ਪੁਲਸ ਦੇ ਇਕ ਪਾਸੇ ਜਾ ਡਿੱਗਾ। ਪਿੱਛੇ ਆ ਰਿਹਾ ਟ੍ਰੈਕਟਰ ਵੀ ਤੇਜ਼ ਰਫਤਾਰ ਹੋਣ ਕਾਰਨ ਸੰਭਲ ਨਹੀਂ ਸਕਿਆ ਅਤੇ ਡਿਵਾਇਡਰ ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਗਨੀਮਤ ਰਹੀ ਕਿ ਟਰਾਲੀਆਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜਿਸ ਕਾਰਨ ਸ਼ਰਧਾਲੂਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ਕਾਰਨ ਪੁਲ਼ ਦੇ ਉੱਪਰ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੁਰੀ ਤਰ੍ਹਾ ਟੁੱਟ ਚੁੱਕੇ ਦੋਵੇਂ ਟ੍ਰੈਕਟਰਾਂ ਨੂੰ ਜੇ.ਸੀ.ਬੀ. ਕ੍ਰੇਨ ਦੀ ਮਦਦ ਨਾਲ ਇਕ ਪਾਸੇ ਕਰਕੇ ਟ੍ਰੈਫਿਕ ਨੂੰ ਸੁਚਾਰੂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਹਾਦਸੇ ਮਗਰੋਂ ਮੋਟਰਸਾਈਕਲ 'ਚ ਹੋਇਆ ਧਮਾਕਾ, ਨੌਜਵਾਨ ਨੇ ਤੜਫ-ਤੜਫ ਕੇ ਤੋੜਿਆ ਦਮ, ਲੋਕ ਬਣਾਉਂਦੇ ਰਹੇ ਵੀਡੀਓ
ਐਨੇ ਵੱਡੇ ਹਾਦਸੇ ਦੇ ਬਾਅਦ ਵੀ ਥਾਣਾ ਪੁਲਸ ਉਡੀਕਦੀ ਰਹੀ ਸ਼ਿਕਾਇਤ
ਦੋ ਟ੍ਰੈਕਟਰ ਚਾਲਕਾਂ ਦੀ ਕਥਿਤ ਲਾਪਰਵਾਹੀ ਦੇ ਕਾਰਨ ਵਾਪਰੇ ਇਸ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਜਿਥੇ ਕਰੀਬ 5 ਤੋਂ 7 ਕਿਲੋਮੀਟਰ ਤੱਕ ਵਾਹਨਾਂ ਦਾ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਆਪਣੇ ਨਿਰਧਾਰਿਤ ਸਥਾਨ ਤਕ ਪਹੁੰਚ ਲਈ ਢਾਈ-ਤਿੰਨ ਘੰਟੇ ਮੁਸ਼ੱਕਤ ਕਰਨੀ ਪਈ। ਉੱਥੇ ਹੀ ਮਾਮੂਲੀ ਕਾਰਨਾਂ ਦੇ ਚੱਲਦੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਵਾਲੀ ਜ਼ਿਲ੍ਹਾ ਪੁਲਸ ਨੂੰ ਲੋਕਾਂ ਦੀ ਇਹ ਮੁਸ਼ਕਿਲ ਕੋਈ ਸਮੱਸਿਆ ਹੀ ਨਹੀਂ ਲੱਗੀ। ਸਬੰਧਿਤ ਪ੍ਰਤੀਨਿਧੀ ਵੱਲੋਂ ਥਾਣਾ ਸਾਹਨੇਵਾਲ ਦੇ ਡਿਊਟੀ ਅਫਸਰ ਸ਼ਿਵ ਕਰਨਪਾਲ ਸਿੰਘ ਨਾਲ ਕੀਤੀ ਗਈ ਗੱਲਬਾਤ ਦੌਰਾਨ ਦੋਵੇਂ ਟ੍ਰੈਕਟਰ ਚਾਲਕਾਂ ਵੱਲੋਂ ਦੌੜ ਲਗਾਉਣ ਅਤੇ ਲਾਪਰਵਾਹੀ ਦੀ ਗੱਲ ਤਾਂ ਮੰਨੀ, ਪਰ ਜਦੋਂ ਉਨ੍ਹਾਂ ਨੂੰ ਪੁਲਸ ਕਾਰਵਾਈ ਬਾਰੇ ਸਵਾਲ ਕੀਤਾ ਗਿਆ ਤਾਂ ਡਿਊਟੀ ਅ਼ਫਸਰ ਸਾਹਿਬ ਸ਼ਿਕਾਇਤ ਨਾ ਮਿਲਣ ਦੀ ਦੁਹਾਈ ਦਿੰਦੇ ਸੁਣਾਈ ਦਿੱਤੇ। ਪਰ ਜੇਕਰ ਦੇਖਿਆ ਜਾਵੇ ਤਾਂ ਵਾਹਨ ਨੂੰ ਓਵਰਸਪੀਡ ਭਜਾਉਣਾ ਅਤੇ ਟ੍ਰੈਫਿਕ ’ਚ ਵਿਘਨ ਪਾਉਣ ਦੇ ਸੈਂਕੜੇ ਕੇਸ ਪੁਲਸ ਆਪਣੇ ਹੀ ਡਿਊਟੀ ਅਫਸਰਾਂ ਦੀ ਸ਼ਿਕਾਇਤ ’ਤੇ ਦਰਜ ਕਰਦੀ ਰਹੀ ਹੈ। ਫਿਰ ਇਸ ਮਾਮਲੇ ’ਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਦੋਵੇਂ ਟ੍ਰੈਕਟਰ ਚਾਲਕਾਂ ਖਿਲਾਫ ਥਾਣਾ ਸਾਹਨੇਵਾਲ ਪੁਲਸ ਦਾ ਇਹ ਲਚਕੀਲਾ ਰਵੱਈਆ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਗਿਆ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।