ਟ੍ਰੈਕਟਰ ਹੇਠਾਂ ਆਏ ਬੱਚੇ ਦੇ ਬਦਲੇ ਮੰਗੇ 25 ਲੱਖ, ਵਿਅਕਤੀ ਨੇ ਕੀਤੀ ਖੁਦਕੁਸ਼ੀ

11/20/2019 6:47:44 PM

ਫਿਰੋਜ਼ਪੁਰ : ਲੜਕੇ ਦੇ ਟਰੈਕਟਰ ਥੱਲੇ ਆਉਣ ਕਰਕੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਵੱਲੋਂ ਦਿੱਤੀ ਜਾ ਰਹੀ ਮਾਨਸਿਕ ਪਰੇਸ਼ਾਨੀ ਤੋਂ ਤੰਗ ਹੋ ਕੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਕੈਂਟ ਦੀ ਪੁਰਾਣੀ ਖਲਾਸੀ ਲਾਈਨ ਦੀ ਹੈ। ਮ੍ਰਿਤਕ ਮਹੇਸ਼ ਕੁਮਾਰ ਦੇ ਸਪੁੱਤਰ ਪ੍ਰਵੇਸ਼ ਕੁਮਾਰ ਨੇ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੇ ਭਰਾ ਮੋਂਟੀ ਦੇ ਟਰੈਕਟਰ ਥੱਲੇ ਆਉਣ ਕਰਕੇ ਵਿੱਕੀ ਨਾਮਕ ਬੱਚੇ ਦੀ ਮੌਤ ਹੋ ਗਈ ਸੀ ਅਤੇ ਇਸ ਸਬੰਧ ਵਿਚ ਪੁਲਸ ਨੇ ਵਿੱਕੀ ਦੇ ਪਿਤਾ ਪਿੰਦਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਸੀ। 

ਉਸ ਨੇ ਦੋਸ਼ ਲਾਇਆ ਕਿ ਇਸ ਘਟਨਾ ਤੋਂ ਬਾਅਦ ਪਿੰਦਰ ਅਤੇ ਉਸ ਦੇ ਸਾਥੀ ਬਲਿੰਦਰੀ, ਸ਼ੰਮੀ ਭੱਟੀ ਤੇ ਦੋ ਅਣਪਛਾਤੇ ਸਾਥੀਆਂ ਨੂੰ ਨਾਲ ਲੈ ਕੇ ਉਸਦੇ ਪਿਤਾ ਤੋਂ 25 ਲੱਖ ਰੁਪਏ ਦੀ ਮੰਗ ਕਰਕੇ ਉਸ ਨੂੰ ਧਮਕੀਆਂ ਦੇਣ ਲੱਗੇ। ਪ੍ਰਵੇਸ਼ ਕੁਮਾਰ ਨੇ ਦੋਸ਼ ਲਾਏ ਕਿ ਉਕਤ ਲੋਕਾਂ ਵੱਲੋਂ ਦਿੱਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਹੋ ਕੇ ਉਸਦੇ ਪਿਤਾ ਨੇ ਘਰ ਵਿਚ ਹੀ ਚੁੰਨੀ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਏ.ਐੱਸ.ਆਈ ਰਮਨ ਕੁਮਾਰ ਨੇ ਦੱਸਿਆ ਕਿ ਉਕਤ ਦੇ ਬਿਆਨਾਂ ਦੇ ਆਧਾਰ 'ਤੇ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Gurminder Singh

Content Editor

Related News