ਹੁਸ਼ਿਆਰਪੁਰ : ਜੰਮੂ ਜਾ ਰਹੀ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ, 35 ਜ਼ਖਮੀਂ
Tuesday, May 28, 2019 - 08:07 PM (IST)

ਹੁਸ਼ਿਆਰਪੁਰ (ਅਮਰਿੰਦਰ) : ਮੰਗਲਵਾਰ ਤਡ਼ਕੇ ਸਾਢੇ 4 ਵਜੇ ਦੇ ਕਰੀਬ ਚੰਡੀਗਡ਼੍ਹ ਰੋਡ ’ਤੇ ਜਿਆਣ ਪਿੰਡ ਨਜ਼ਦੀਕ ਇਕ ਬੇਕਾਬੂ ਟੂਰਿਸਟ ਬੱਸ ਡਿਵਾਈਡਰ ਨਾਲ ਟਕਰਾਉਣ ਉਪਰੰਤ ਸਡ਼ਕ ਕਿਨਾਰੇ ਦਰੱਖ਼ਤ ਨਾਲ ਟਕਰਾਉਣ ਕਾਰਨ ਬੱਸ ’ਚ ਸਵਾਰ 31 ਸ਼ਰਧਾਲੂ ਜ਼ਖ਼ਮੀ ਹੋ ਗਏ। ਬੱਸ ’ਚ ਦਿੱਲੀ, ਗਾਜ਼ੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਇਲਾਵਾ ਜੰਮੂ ਤੇ ਸ਼੍ਰੀਨਗਰ ਦੇ 50 ਤੋਂ ਵੱਧ ਸ਼ਰਧਾਲੂ ਸਵਾਰ ਸਨ, ਜੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਬੱਸ ਦੇ ਦਰੱਖ਼ਤ ਨਾਲ ਟਕਰਾਉਣ ਸਮੇਂ ਤੇਜ਼ ਧਮਾਕੇ ਦੀ ਅਾਵਾਜ਼ ਅਤੇ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ। ਮੌਕੇ ’ਤੇ ਤੁਰੰਤ ਪਹੁੰਚੇ ਲੋਕ ਹਾਦਸੇ ਦੀ ਸੂਚਨਾ ਚੱਬੇਵਾਲ ਪੁਲਸ ਨੂੰ ਦੇ ਕੇ ਸਵਾਰੀਆਂ ਨੂੰ ਬੱਸ ਵਿਚੋਂ ਕੱਢਣ ’ਚ ਜੁਟ ਗਏ। ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਦੇ ਨਾਲ ਐੱਸ. ਆਈ. ਸੋਹਣ ਲਾਲ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਦੇ ਨਿਰਦੇਸ਼ ’ਤੇ ਮੈਡੀਕਲ ਸਟਾਫ਼ ਜ਼ਖਮੀਆਂ ਦੇ ਇਲਾਜ ’ਚ ਜੁਟ ਗਿਆ। ਮੈਡੀਕਲ ਸਟਾਫ਼ ਅਤੇ ਡਾਕਟਰਾਂ ਅਨੁਸਾਰ ਮਾਮੂਲੀ ਰੂਪ ’ਚ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਤੇਜ਼ ਰਫਤਾਰ ਕਾਰਨ ਵਾਪਰਿਆ ਹਾਦਸਾ
ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਇਲਾਜ ਅਧੀਨ ਦਿੱਲੀ ਦੇ ਸ਼ਾਹਦਰਾ ਏਰੀਆ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਨਾਲ ਸਬੰਧਤ ਧੀਰਜ ਸ਼ਰਮਾ, ਨੀਰਜ ਵਰਮਾ, ਮੀਨੂੰ, ਪਿੰਕੀ, ਰਚਨਾ, ਕੰਚਨ ਅਤੇ ਉੱਜਵਲ ਵਰਮਾ ਨੇ ਦੱਸਿਆ ਕਿ ਅਸੀਂ ਮਾਤਾ ਵੈਸ਼ਨੋ ਦੇਵੀ ਜਾਣ ਲਈ ਇਸ ਟੂਰਿਸਟ ਬੱਸ ’ਚ ਦਿੱਲੀ ਤੋਂ ਸੋਮਵਾਰ ਦੇਰ ਸ਼ਾਮ ਸਾਢੇ 7 ਵਜੇ ਨਿਕਲੇ ਸੀ। ਬਲਾਚੌਰ ਨਜ਼ਦੀਕ ਢਾਬੇ ’ਤੇ ਰੁਕਣ ਉਪਰੰਤ ਬੱਸ ਨੂੰ ਨਵਾਂ ਡਰਾਈਵਰ ਚਲਾਉਣ ਲੱਗਾ। ਡਰਾਈਵਰ ਵੱਲੋਂ ਬੱਸ ਨੂੰ ਤੇਜ਼ ਰਫਤਾਰ ਚਲਾਉਂਦਾ ਦੇਖ ਅਸੀਂ ਸਟਾਫ਼ ਨੂੰ ਵਰਜਿਆ ਕਿ ਬੱਸ ਹੌਲੀ ਚਲਾਉ ਪਰ ਡਰਾਈਵਰ ਨੇ ਸਾਡੀ ਗੱਲ ਨਹੀਂ ਸੁਣੀ। ਸਵੇਰੇ ਸਾਢੇ 4 ਵਜੇ ਦੇ ਕਰੀਬ ਜਦੋਂ ਸਾਰੀਆਂ ਸਵਾਰੀਆਂ ਸੁੱਤੀਆਂ ਪਈਆਂ ਸਨ ਤਾਂ ਅਚਾਨਕ ਤੇਜ਼ ਧਮਾਕਾ ਅਤੇ ਸਵਾਰੀਆਂ ਦੀ ਚੀਕਾਂ ਸੁਣ ਕੇ ਅਸੀਂ ਘਬਰਾ ਗਏ। ਜ਼ਖ਼ਮੀਆਂ ਅਨੁਸਾਰ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਸਿਵਲ ਹਸਪਤਾਲ ’ਚ ਇਲਾਜ ਅਧੀਨ ਜ਼ਖ਼ਮੀਆਂ ਦੀ ਸੂਚੀ
ਫਰਹਾਦ ਰਿਆਜ਼, ਮੀਨੂੰ, ਰਚਨਾ ਵਰਮਾ, ਅੰਸ਼ਿਕਾ, ਕੰਚਨ ਵਰਮਾ, ਅੰਕਿਤ ਵਰਮਾ, ਆਮਿਰ, ਪਿੰਕੀ ਵਰਮਾ, ਅਕਸ਼ੈ, ਪ੍ਰੀਤਪਾਲ ਚਾਹਲ, ਉੱਜਵਲ ਵਰਮਾ, ਅਜੈ ਵਰਮਾ, ਨੀਰਜ ਵਰਮਾ, ਕੀਰਤੀ, ਪੁਸ਼ਪਾਵਤੀ, ਰਵਿੰਦਰ ਵਰਮਾ, ਯੁਵਰਾਜ ਵਰਮਾ, ਅਮਾਨੁੱਲਾ ਖਾਨ, ਸ਼੍ਰੀ ਲਕਸ਼ਮੀ, ਫਿਰੋਜ਼ ਖਾਨ, ਗੀਤਾ ਵਰਮਾ, ਦਵਿੰਦਰ ਪ੍ਰਸਾਦ, ਏਜਾਜ, ਯੋਗ ਵਰਮਾ, ਆਸ਼ੀਸ਼, ਅਭੀ ਵਰਮਾ, ਮੋਜਾਨਿਲ ਖਾਨ, ਧੀਰਜ ਵਰਮਾ, ਨਨੂੰ ਵਰਮਾ, ਮੋਨਿਕਾ ਵਰਮਾ, ਪ੍ਰੀਤਪਾਲ ਸਿੰਘ।
ਫ਼ਰਾਰ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ
ਸੰਪਰਕ ਕਰਨ ’ਤੇ ਥਾਣਾ ਚੱਬੇਵਾਲ ਪੁਲਸ ’ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜਾਂ ’ਚ ਜੁਟ ਗਈ ਸੀ। ਲੋਕਾਂ ਦੀ ਸਹਾਇਤਾ ਨਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਉਪਰੰਤ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ ਹੈ। ਪੁਲਸ ਨੇ ਦਿੱਲੀ ਦੇ ਰਹਿਣ ਵਾਲੇ ਨੀਰਜ ਵਰਮਾ ਦੀ ਸ਼ਿਕਾਇਤ ’ਤੇ ਕੂਲ ਕੂਲ ਕੰਪਨੀ ਦੇ ਅਣਪਛਾਤੇ ਡਰਾਈਵਰ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਲਦ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਵੇਗੀ।