ਬਿਨਾਂ ਲਾਇਸੰਸ ਪਟਾਕੇ ਵੇਚਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡੀ. ਸੀ.

09/29/2017 4:42:20 PM

ਹੁਸ਼ਿਆਰਪੁਰ, (ਘੁੰਮਣ)- ਬਿਨਾਂ ਲਾਇਸੰਸ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਦੁਕਾਨਦਾਰ ਬਿਨਾਂ ਲਾਇਸੰਸ ਦੇ ਪਟਾਕੇ ਵੇਚਦਾ ਹੈ ਤਾਂ ਉਸ ਦਾ ਸਾਰਾ ਸਾਮਾਨ ਜ਼ਬਤ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਪਟਾਕਿਆਂ ਦੇ ਥੋਕ, ਪ੍ਰਚੂਨ ਵਪਾਰੀਆਂ ਅਤੇ ਸੰਬੰਿਧਤ ਅਧਿਕਾਰੀਆਂ ਨਾਲ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਸਾਰੇ ਐੱਸ. ਡੀ. ਐੱਮਜ਼. ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੰਸ ਦੇ ਪਟਾਕੇ ਨਾ ਵੇਚੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਟਾਕਿਆਂ ਨੂੰ ਨਿਸ਼ਚਿਤ ਕੀਤੀਆਂ ਜਾਣ ਵਾਲੀਆਂ ਥਾਵਾਂ 'ਤੇ ਹੀ ਵੇਚਿਆ ਜਾਵੇ। 
ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮਜ਼. ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਸਮੇਤ ਬਾਕੀ ਥਾਵਾਂ 'ਤੇ ਪਟਾਕੇ ਵੇਚਣ ਲਈ ਖੁੱਲ੍ਹੇ ਅਤੇ ਸੁਰੱਖਿਅਤ ਸਥਾਨਾਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐਲਾਨ ਕੀਤੇ ਗਏ ਸਾਈਲੈਂਸ ਜ਼ੋਨ ਸਥਾਨਾਂ, ਹਸਪਤਾਲਾਂ, ਅਦਾਲਤਾਂ ਅਤੇ ਹੋਰ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਪਟਾਕੇ ਚਲਾਉਣ 'ਤੇ ਪਾਬੰਦੀ ਰਹੇਗੀ। ਉਨ੍ਹਾਂ ਸਿਹਤ ਵਿਭਾਗ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਅਮਰਜੈਂਸੀ ਸੇਵਾਵਾਂ ਲਈ ਸਾਰੇ ਢੁਕਵੇਂ ਪ੍ਰਬੰਧ ਕਰਨ। ਉਨ੍ਹਾਂ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਜ਼ਿਲੇ ਵਿਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਤੰਗ ਗਲੀਆਂ ਵਿਚ ਕੋਈ ਪਟਾਕੇ ਨਾ ਵੇਚੇ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੇ ਹੇਠਾਂ, ਟਰਾਂਸਫਾਰਮਰਾਂ ਅਤੇ ਜਿਥੇ ਅੱਗ ਦਾ ਕੰਮ ਹੋ ਰਿਹਾ ਹੋਵੇ, ਉਸ ਦੇ ਨਜ਼ਦੀਕ ਪਟਾਕੇ ਬਿਲਕੁਲ ਨਾ ਚਲਾਏ ਜਾਣ। ਉਨ੍ਹਾਂ ਨੇ ਫਾਇਰ ਅਫ਼ਸਰਾਂ ਨੂੰ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਟਾਕੇ ਮੁਕਤ ਦੀਵਾਲੀ ਮਨਾਉਣ। 
ਇਸ ਮੌਕੇ ਆਤਿਸ਼ਬਾਜ਼ੀ ਦੇ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਸੁਝਾਅ ਵੀ ਦਿੱਤੇ ਗਏ ਅਤੇ ਉਨ੍ਹਾਂ ਭਰੋਸਾ ਦੁਆਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਲਾਇਸੰਸ ਲੈ ਕੇ ਹੀ ਪਟਾਕੇ ਵੇਚੇ ਜਾਣ। 
ਇਸ ਸਮੇਂ ਏ.ਡੀ.ਸੀ. (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ. (ਡੀ) ਹਰਬੀਰ ਸਿੰਘ, ਐੱਸ.ਡੀ.ਐੱਮ. ਹੁਸ਼ਿਆਰਪੁਰ ਜਿਤੇਂਦਰ ਜੋਰਵਾਲ, ਐੱਸ.ਡੀ.ਐੱਮ. ਦਸੂਹਾ ਹਿਮਾਂਸ਼ੂ ਅਗਰਵਾਲ, ਐੱਸ.ਡੀ.ਐੱਮ. ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ, ਜ਼ਿਲਾ ਮਾਲ ਅਫਸਰ ਅਮਨਪਾਲ ਸਿੰਘ ਤੋਂ ਇਲਾਵਾ ਪਟਾਕਿਆਂ ਦੇ ਥੋਕ ਅਤੇ ਪ੍ਰਚੂਨ ਵਪਾਰੀ ਵੀ ਮੌਜੂਦ ਸਨ।


Related News