ਤੋਮਰ ਦੇ ਬਿਆਨ ਨੇ ਸਿੱਧ ਕੀਤਾ ਕਿ ਅਕਾਲੀ-ਭਾਜਪਾ ਨੇ ਬੰਨ੍ਹਿਆ ਸੀ ਖ਼ੇਤੀ ਕਾਨੂੰਨਾਂ ਦਾ ਮੁੱਢ : ‘ਆਪ’

Saturday, Feb 06, 2021 - 11:04 PM (IST)

ਤੋਮਰ ਦੇ ਬਿਆਨ ਨੇ ਸਿੱਧ ਕੀਤਾ ਕਿ ਅਕਾਲੀ-ਭਾਜਪਾ ਨੇ ਬੰਨ੍ਹਿਆ ਸੀ ਖ਼ੇਤੀ ਕਾਨੂੰਨਾਂ ਦਾ ਮੁੱਢ : ‘ਆਪ’

ਚੰਡੀਗੜ੍ਹ  (ਸ਼ਰਮਾ) : ਆਮ ਆਦਮੀ ਪਾਰਟੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਵਲੋਂ ਸੰਸਦ ਵਿਚ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੇ ਹੀ ਇਕ ਨੀਤੀ ’ਤੇ ਚਲਦਿਆਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀਤੇ ਦਿਨੀ ਸੰਸਦ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦਿੱਤੇ ਬਿਆਨ ਅਨੁਸਾਰ 2013 ’ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਮੁੱਢ ਬੰਨ੍ਹਿਆ ਸੀ। ਖੇਤੀਬਾੜੀ ਮੰਤਰੀ ਤੋਮਰ ਦੇ ਬਿਆਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਕਿਸਾਨ ਵਿਰੋਧੀ ਹੋਣ ਦਾ ਕਾਲਾ ਚਿੱਠਾ ਸਾਹਮਣੇ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਸ਼ਹਿਰ ਗੁਰੂਹਰਸਹਾਏ ਦੀ ਚੰਦਨ ਕੰਬੋਜ ਬਣੀ ਜੱਜ, ਇਲਾਕੇ ’ਚ ਖੁਸ਼ੀ ਦਾ ਮਾਹੌਲ

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਉਹੀ ਐਕਟ ਲਿਆ ਰਹੀ ਹੈ, ਜੋ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਲਿਆਂਦੇ ਸਨ। 2017 ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਕੈਪਟਨ ਸਰਕਾਰ ਨੇ ਵੀ 2013 ਵਾਲੇ ਕਾਨੂੰਨਾਂ ਦੀ ਪ੍ਰੋੜਤਾ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਹੋਰ ਅੱਗੇ ਵਧਾਉਣ ਲਈ ਕਦਮ ਚੁੱਕੇ। ਕੈਪਟਨ ਦੀ ਸਰਕਾਰ ਦੇ ਸਮੇਂ ਹੀ ਏ. ਪੀ. ਐੱਮ. ਸੀ. ਸਬੰਧੀ ਐਕਟ ਬਣਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ਜਦੋਂ ਮੋਦੀ ਸਰਕਾਰ ਖੇਤੀ ਬਾਰੇ ਕਾਲੇ ਕਾਨੂੰਨ ਲੈ ਕੇ ਆਈ ਤਾਂ ਕੇਂਦਰ ਸਰਕਾਰ ਦਾ ਹਿੱਸਾ ਹੁੰਦਿਆਂ ਸਿਰਫ਼ ਇਕ ਵਾਰ ਹੀ ਬੋਲੇ, ਉਦੋਂ ਵੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਗੁਣਗਾਨ ਕੀਤਾ ਸੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵੀ ਸ਼ਬਦ ਕਿਸਾਨਾਂ ਦੇ ਹੱਕ ਵਿਚ ਨਹੀਂ ਬੋਲਿਆ। ਪ੍ਰਕਾਸ਼ ਸਿੰਘ ਬਾਦਲ ਦੀ ਧਾਰੀ ਗਈ ਚੁੱਪ ਦੱਸਦੀ ਹੈ ਕਿ ਹੁਣ ਵੀ ਉਨ੍ਹਾਂ ਦਾ ਦਿਲ ਭਾਜਪਾ ਲਈ ਧੜਕਦਾ ਹੈ। ਇਹ ਹੀ ਹਾਲ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ, ਜਿਨ੍ਹਾਂ ਨੇ ਹਾਈਪਾਵਰ ਕਮੇਟੀ ਦਾ ਮੈਂਬਰ ਹੁੰਦਿਆਂ ਵੀ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਜਾਗਰੂਕ ਨਹੀਂ ਕੀਤਾ ਅਤੇ ਹੁਣ ਡਰਾਮੇਬਾਜ਼ੀ ਕਰਦੇ ਹੋਏ ਆਪਣੇ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਹਨ।

ਇਹ ਵੀ ਪੜ੍ਹੋ : ਹਿਜ਼ਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਦੇ ਮਾਮਲੇ ’ਚ ਹੋਏ ਅਹਿਮ ਖ਼ੁਲਾਸੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 

 


author

Anuradha

Content Editor

Related News