''ਗੁੰਡਾ ਪਰਚੀ ਬੰਦ ਕਰਵਾ ਕੇ ਹੀ ਰਹਾਂਗੇ ਭਾਵੇਂ ਜੇਲ ਹੀ ਜਾਣਾ ਪਵੇ''

Monday, Jan 08, 2018 - 04:40 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਮੁਕਤਸਰ ਸਾਹਿਬ -ਕੋਟਕਪੂਰਾ ਰੋਡ ਮੁੱਖ ਮਾਰ 'ਤੇ ਪਿੰਡ ਵੜਿੰਗ ਵਿਖੇ ਚੱਲ ਰਹੇ ਟੋਲ ਪਲਾਜਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਹਨੀ ਫੱਤਣਵਾਲਾ ਨੇ ਆਪਣੇ ਸਾਥੀਆਂ ਸਮੇਤ ਵੜਿੰਗ ਦੇ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਵਾਲੇ ਬਿਨਾਂ ਕਿਸੇ ਸਹੂਲਤ ਤੋਂ ਹੀ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਇਹ ਲਗਾਇਆ ਗਿਆ ਟੋਲ ਬਿਲਕੁਲ ਹੀ ਨਜ਼ਾਇਜ਼ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਦੇਸ਼ ਨੂੰ ਕੈਸ਼ ਲੈੱਸ ਕਰਨ 'ਤੇ ਲੱਗੀ ਹੋਈ ਹੈ ਪਰ ਦੂਜੇ ਪਾਸੇ ਇਥੇ ਨਗਦ ਵਸੂਲੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੋਲ ਸਵੈਪ ਮਸ਼ੀਨ ਤੱਕ ਨਹੀਂ। ਇਥੇ ਹੀ ਬੱਸ ਨਹੀਂ ਟੋਲ ਪਲਾਜ਼ਾ 'ਤੇ ਕੋਈ ਵੀ ਸਹੂਲਤ ਨਹੀਂ ਹੈ। ਇਨਾਂ ਕੋਲ ਨਾ ਤਾਂ ਫਾਇਰ ਬ੍ਰਿਗੇਡ ਹੈ ਨਾ ਕੋਈ ਬੱਸ ਸਟੈਂਡ ਲਈ ਜਗਾ, ਲਾਵਾਰਿਸ ਪਸ਼ੂਆਂ ਦੇ ਅੰਦਰ ਆਉਣ ਤੋਂ ਰੋਕਣ ਲਈ ਕੋਈ ਜਾਲੀ ਨਹੀਂ ਲਗਾਈ ਗਈ।  ਜੋ ਐਬੂਲੈਂਸ ਲਿਆਂਦੀ ਗਈ ਹੈ ਉਹ ਵੀ ਆਪਣੀ ਨਹੀਂ ਬਲਕਿ ਹਾਇਰ ਕੀਤੀ ਗਈ ਹੈ  ਅਤੇ ਬਹੁਤ ਹੀ ਖਸਤਾ ਹਾਲਤ ਵਿਚ ਹੈ। ਹਨੀ ਨੇ ਮੰਗ ਕੀਤੀ ਕਿ ਇਸ  ਟੋਲ ਪਲਾਜ਼ਾ ਨੂੰ ਬੰਦ ਕਰਵਾਇਆ ਜਾਵੇ, ਸਹੂਲਤਾਂ ਪੂਰੀਆਂ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਗੁੰਡਾ ਪਰਚੀ ਕਰਾਰ ਦਿੰਦਿਆਂ ਕਿਹਾ ਕਿ ਚਾਰ ਦਿਨ ਬਾਅਦ ਇਥੇ  ਮੇਲਾ ਮਾਘੀ ਸ਼ੁਰੂ ਹੋਣ ਜਾ ਰਿਹਾ ਹੈ। ਜਿਥੇ ਬਾਹਰ ਤੋਂ ਕਈ ਸ਼ਰਧਾਲੂ ਆਉਣਗੇ ਪਰ ਸਾਰਿਆਂ ਨੂੰ ਇਨਾਂ ਦੀ ਗੁੰਡਾ ਪਰਚੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਉਸ ਨੂੰ ਭਾਵੇ ਜੇਲ ਜਾਣਾ ਪਵੇ, ਜਾਂ ਪਾਰਟੀ ਦੀ ਨਾਰਾਜ਼ਗੀ  ਝੱਲਣੀ ਪਵੇ ਜਾਂ ਫਿਰ ਉਸਨੂੰ ਆਪਣੇ ਅਹੁਦੇ ਦੀ ਕੁਰਬਾਨੀ ਕਰਨੀ ਪਵੇ ਉਹ ਟੋਲ ਪਲਾਜ਼ਾ ਬੰਦ ਕਰਵਾ ਕੇ ਹੀ ਦਮ ਲਵੇਗਾ।


Related News