13 ਸਾਲਾਂ ''ਚ ਪਹਿਲੀ ਵਾਰ ਟੋਲ ਪਲਾਜ਼ਾ ਹੋਇਆ ਬੰਦ

04/20/2018 4:17:37 AM

ਫਿਲੌਰ, (ਭਾਖੜੀ)- ਕਪੂਰਥਲਾ ਦੀ ਅਦਾਲਤ ਵੱਲੋਂ ਟੋਲ ਪਲਾਜ਼ਾ 'ਤੇ ਫੀਸ ਵਸੂਲੀ ਬੰਦ ਕਰਨ ਦੇ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਠੇਕੇ 'ਤੇ ਲੈਣ ਵਾਲੀ ਕੰਪਨੀ ਸੋਮਾ ਆਈਸੋਲੈਕਸ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਨੂੰ ਹੀ ਟੋਲ 'ਤੇ ਫੀਸ ਵਸੂਲੀ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ, ਜਿਸ ਪਿੱਛੋਂ ਅੱਧੀ ਰਾਤ ਤੋਂ ਬਾਅਦ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਸਵੇਰੇ 6 ਵਜੇ ਤੋਂ ਪਹਿਲੀ ਸ਼ਿਫਟ ਦੇ ਕਰਮਚਾਰੀ ਟੋਲ ਬੂਥਾਂ 'ਤੇ ਨਹੀਂ ਬੈਠੇ ਸਨ।
ਲਾਡੋਵਾਲ ਟੋਲ ਪਲਾਜ਼ਾ ਸਾਲ 2004 'ਚ ਇਥੇ ਲੱਗਾ ਸੀ ਉਕਤ ਟੋਲ ਪਲਾਜ਼ਾ ਲੱਗਣ ਦੇ ਬਾਅਦ ਇਨ੍ਹਾਂ 13 ਸਾਲਾਂ ਵਿਚ ਪਲਾਜ਼ਾ ਦੀ ਵਿਰੋਧਤਾ 'ਚ ਅਨੇਕਾਂ ਵਾਰ ਧਰਨੇ ਪ੍ਰਦਰਸ਼ਨ ਹੋਏ। ਕੁੱਝ ਸੰਸਥਾਵਾਂ ਨੇ ਉੱਪਰ ਤੱਕ ਕੇਂਦਰ ਸਰਕਾਰ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਪਰ ਪਲਾਜ਼ਾ ਇਕ ਘੰਟੇ ਲਈ ਵੀ ਬੰਦ ਨਹੀਂ ਹੋ ਸਕਿਆ। ਇਨ੍ਹਾਂ 13 ਸਾਲਾਂ ਵਿਚ ਪਹਿਲੀ ਵਾਰ ਕਪੂਰਥਲਾ ਅਦਾਲਤ ਦੀ ਮਾਣਯੋਗ ਜੱਜ ਦੇ ਸਖ਼ਤ ਰੁਖ ਦੇ ਬਾਅਦ ਠੇਕੇਦਾਰ ਨੂੰ ਪਲਾਜ਼ਾ ਬੰਦ ਕਰਨਾ ਪਿਆ। ਇਸ ਸਬੰਧ ਵਿਚ ਪੁੱਛਣ 'ਤੇ ਪਲਾਜ਼ਾ ਦੇ ਅੰਬਾਲਾ ਹੈੱਡ ਕੁਆਰਟਰ ਵਿਚ ਬੈਠੇ ਵੱਡੇ ਅਧਿਕਾਰੀਆਂ ਨੇ ਕੇਵਲ ਇੰਨਾ ਹੀ ਕਿਹਾ ਕਿ ਹਿਊਮਨ ਰਾਈਟਸ ਪ੍ਰੈੱਸ ਕਲੱਬ ਨੇ ਕਪੂਰਥਲਾ ਦੀ ਅਦਾਲਤ ਵਿਚ ਸ਼ਿਕਾਇਤ ਐੱਨ. ਐੱਚ. ਏ.-1 ਦੀ ਕੀਤੀ ਹੈ। ਹਾਈਵੇ ਅਥਾਰਟੀ ਕਿੰਨੀ ਜਲਦੀ ਅਦਾਲਤ ਨੂੰ ਸੰਤੁਸ਼ਟ ਕਰ ਸਕਦੀ ਹੈ, ਉਸ ਦੇ ਬਾਅਦ ਹੀ ਪਲਾਜ਼ਾ ਖੁੱਲ੍ਹੇਗਾ, ਫਿਲਹਾਲ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਉਪਰਲੀ ਅਦਾਲਤ ਵਿਚ ਸਟੇਅ ਲੈਣ ਲਈ ਜਾ ਸਕਦੇ ਹਨ। ਪਲਾਜ਼ਾ ਠੇਕੇਦਾਰ ਨੂੰ ਇਥੋਂ ਹਰ ਰੋਜ਼ ਲਗਭਗ 50 ਲੱਖ ਰੁਪਏ ਦੀ ਉਗਰਾਹੀ ਹੁੰਦੀ ਸੀ, ਜਿਸ ਦਾ 25 ਫੀਸਦੀ ਹਿੱਸਾ ਸਰਕਾਰ ਨੂੰ ਜਾਂਦਾ ਸੀ। ਪਲਾਜ਼ਾ ਬੰਦ ਹੋਣ ਦੇ ਬਾਅਦ ਠੇਕੇਦਾਰ ਨੂੰ ਇਥੋਂ ਹੋਣ ਵਾਲੀ ਉਗਹਾਰੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।


Related News