ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Monday, Jun 06, 2022 - 08:41 PM (IST)
ਜਲੰਧਰ : ਅੱਜ ਘੱਲੂਘਾਰਾ ਦਿਵਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਧਾਰਮਿਕ ਤੌਰ ’ਤੇ ਮਜ਼ਬੂਤ ਹੋਣ ਦਾ ਸੰਦੇਸ਼ ਦਿੱਤਾ। ਉਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਕਈ ਖ਼ਬਰਾਂ ਸਾਹਮਣੇ ਆਈਆਂ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
ਘੱਲੂਘਾਰਾ ਦਿਵਸ : ਕੌਮ ਦੇ ਨਾਂ ’ਤੇ ਸੰਦੇਸ਼ ਦਿੰਦੇ ਹੋਏ ਜਥੇਦਾਰ ਨੇ ਮੁੜ ਕੀਤੀ ਮਾਡਰਨ ਹਥਿਆਰਾਂ ਦੀ ਗੱਲ
ਅੰਮ੍ਰਿਤਸਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ’ਤੇ ਕੌਮ ਦੇ ਨਾਮ ’ਤੇ ਸੰਦੇਸ਼ ਦਿੱਤਾ ਗਿਆ। ਜਥੇਦਾਰ ਨੇ ਇਸ ਮੌਕੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ ’ਤੇ ਮਜ਼ਬੂਤ ਹੋਣਾ ਪਵੇਗਾ।
ਸਿੱਧੂ ਮੂਸੇਵਾਲਾ ਕਤਲ ਮਾਮਲਾ : ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ ਦੇਵੇਂਦਰ ਕਾਲਾ ਗ੍ਰਿਫ਼ਤਾਰ
ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਪੁਲਸ ਨੇ ਦੂਜੀ ਵਾਰ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਮੂਸੇਵਾਲੀ ਤੋਂ ਦੇਵੇਂਦਰ ਕਾਲਾ ਨੂੰ ਹਿਰਾਸਤ 'ਚ ਲਿਆ ਹੈ।
ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ
ਸਿੱਧੂ ਮੂਸੇਵਾਲੇ ਕਤਲ ਕਾਂਡ ਵਿਚ ਪੁਲਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਸ ਨੇ ਇਕ ਕੇਕੜਾ ਨਾਮ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤੀ ਹੈ। ਦੋਸ਼ ਹੈ ਕਿ ਇਸੇ ਸ਼ਖਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ।
ਮੂਸੇਵਾਲਾ ਕਤਲ ਕਾਂਡ ’ਚ ਵੱਡੀ ਖ਼ਬਰ, ਲਾਰੈਂਸ ਬਿਸ਼ਨੋਈ ਨਾਲ ਜੁੜੇ ਸ਼ੂਟਰਾਂ ਦੀ ਹੋਈ ਸ਼ਨਾਖਤ, ਸਾਹਮਣੇ ਆਈਆਂ ਤਸਵੀਰਾਂ
ਮੂਸੇਵਾਲਾ ਕਤਲ ਕਾਂਡ ਦੇ ਸਾਰੇ ਸ਼ਾਰਪ ਸ਼ੂਟਰ ਬੇਨਕਾਬ ਹੋ ਗਏ ਹਨ। ਪੰਜਾਬ ਪੁਲਸ ਨੇ ਇਨ੍ਹਾਂ ਕਾਤਲਾਂ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਤਲਾਂ ਵਿਚ ਤਿੰਨ ਪੰਜਾਬ, 2 ਹਰਿਆਣਾ, 2 ਮਹਾਰਾਸ਼ਟਰ ਦੇ ਹਨ।
ਮੂਸੇਵਾਲਾ ਕਤਲ ਕਾਂਡ : ਮਨਪ੍ਰੀਤ ਮੰਨਾ, ਸਰਾਜ ਸੰਧੂ ਤੇ ਮਨਪ੍ਰੀਤ ਸਿੰਘ ਭਾਊ ਮੁੜ 3 ਦਿਨਾਂ ਰਿਮਾਂਡ ’ਤੇ
ਸਵ. ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮਾਮਲੇ ਵਿਚ ਮਾਨਸਾ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦੇ ਫਿਰੋਜ਼ਪੁਰ ਜੇਲ ਤੋਂ ਮਨਪ੍ਰੀਤ ਮੰਨਾ, ਬਠਿੰਡਾ ਜੇਲ ਤੋਂ ਸਰਾਜ ਸੰਧੂ ਅਤੇ ਉਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤੇ ਮਨਪ੍ਰੀਤ ਸਿੰਘ ਭਾਊ ਉਰਫ ਮੰਨਾ ਨੂੰ ਮੁੜ ਮਾਣਯੋਗ ਅਦਾਲਤ ਮਾਨਸਾ ’ਚ ਪੇਸ਼ ਕਰ ਕੇ 3 ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਹੈ।
ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ: ਇਕ ਹੋਰ ਮੁਲਜ਼ਮ ਦੇ ਘਰ ਪੁਲਸ ਨੇ ਮਾਰਿਆ ਛਾਪਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਇਕ ਹੋਰ ਮੁਲਜ਼ਮ ਜਗਰੂਪ ਸਿੰਘ ਦੇ ਘਰ ਪੁਲਸ ਨੇ ਛਾਪਾ ਮਾਰਿਆ ਹੈ। ਪਤਾ ਲੱਗਾ ਹੈ ਕਿ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਦੇ ਘਰ ਪੁਲਸ ਨੇ ਛਾਪੇਮਾਰੀ ਕੀਤੀ ਹੈ।
ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ
ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਪਿੰਡ ਮੂਸਾ ਵਿਖੇ ਹੋਵੇਗੀ। ਇਸ ਨੂੰ ਲੈ ਕੇ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ’ਤੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਗਈ ਹੈ।
CM ਮਾਨ ਵੱਲੋਂ ਮੋਹਾਲੀ ਮਾਸਟਰ ਪਲਾਨ 'ਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੋਹਾਲੀ ਮਾਸਟਰ ਪਲਾਨ 'ਚ ਆਧੁਨਿਕ ਸਹੂਲਤਾਂ ਵਾਲੀ ਨਵੀਂ ਟਾਊਨਸ਼ਿਪ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਆਪਣੇ ਸਰਕਾਰੀ ਗ੍ਰਹਿ ਵਿਖੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।
ਸਿੱਧ ਮੂਸੇਵਾਲਾ ਦੇ ਪਰਿਵਾਰ ਨਾਲ ਮਿਲੇ ਸਚਿਨ ਪਾਇਲਟ, ਸੂਬਾ ਸਰਕਾਰ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਕਾਂਗਰਸ ਨੇਤਾ ਸਚਿਨ ਪਾਇਲਟ ਅੱਜ ਯਾਨੀ ਸੋਮਵਾਰ ਨੂੰ ਪੰਜਾਬ ਪਹੁੰਚੇ। ਇੱਥੇ ਉਨ੍ਹਾਂ ਨੇ ਮੂਸੇ ਪਿੰਡ ਜਾ ਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ।
ਭਲਕੇ ਪਿੰਡ ਮੂਸਾ ਜਾਣਗੇ ਰਾਹੁਲ ਗਾਂਧੀ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
ਕਾਂਗਰਸ ਆਗੂ ਰਾਹੁਲ ਗਾਂਧੀ ਭਲਕੇ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਆਉਣਗੇ। ਰਾਹੁਲ ਗਾਂਧੀ ਪਾਰਟੀ ਆਗੂ ਅਤੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਨਸਾ ਜ਼ਿਲ੍ਹਾ ਸਥਿਤ ਪਿੰਡ ਮੂਸਾ ਜਾਣਗੇ। ਇੱਥੇ ਰਾਹੁਲ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਦੁੱਖ ਸਾਂਝਾ ਕਰਨਗੇ।
ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਬਦਲਣ ਨੂੰ ਲੈ ਕੇ RBI ਦਾ ਬਿਆਨ ਆਇਆ ਸਾਹਮਣੇ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਅਤੇ ਬੈਂਕ ਦੇ ਹੋਰ ਨੋਟਾਂ ਨੂੰ ਕਿਸੇ ਹੋਰ ਤਸਵੀਰ ਵਾਲੇ ਨੋਟਾਂ ਵਿਚ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ
ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਕਰਨ ’ਤੇ ਰੇਲਵੇ ਦਾ ਪੂਰਾ ਫ਼ੋਕਸ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 2026 ਤੱਕ ਬੁਲੇਟ ਟਰੇਨ ਪ੍ਰਾਜੈਕਟ ਦਾ ਟਰਾਇਲ ਸ਼ੁਰੂ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬੁਲੇਟ ਟਰੇਨ ਯਾਤਰੀਆਂ ਲਈ ਟਰੈਕ ’ਤੇ ਦੌੜਨ ਲੱਗੇਗੀ।
ਮੁੜ ਡਰਾਉਣ ਲੱਗਾ ਕੋਰੋਨਾ, ਬੀਤੇ 24 ਘੰਟਿਆਂ 'ਚ ਦੇਸ਼ 'ਚ 4500 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 4,518 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਪੀੜਤ ਹੋ ਚੁਕੇ ਲੋਕਾਂ ਦੀ ਗਿਣਤੀ ਵੱਧ ਕੇ 4,31,81,335 ਹੋ ਗਈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 25,782 'ਤੇ ਪਹੁੰਚ ਗਈ।