ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਸਾਬਕਾ ਵਿਧਾਇਕ ਰਿਮਾਂਡ ’ਤੇ, ਉਥੇ ''ਅਗਨੀਪਥ'' ਨੇ ਖੜ੍ਹਾ ਕੀਤਾ ਬਵਾਲ, ਪੜ੍ਹੋ TOP 10

Saturday, Jun 18, 2022 - 09:13 PM (IST)

ਜਲੰਧਰ : ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਨੇ ਅੱਜ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉਥੇ ਹੀ ਕੇਂਦਰ ਸਰਕਾਰ ਦੀ ‘ਅਗਨੀਪਥ ਭਰਤੀ ਯੋਜਨਾ’ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ’ਚ ਦੰਗੇ ਭੜਕੇ ਹੋਏ ਹਨ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-

ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਜੋਗਿੰਦਰ ਪਾਲ 2 ਦਿਨ ਦੇ ਪੁਲਸ ਰਿਮਾਂਡ ’ਤੇ
ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਥਾਣਾ ਤਾਰਾਗੜ੍ਹ ਵਿਖੇ ਦਰਜ ਐਫ.ਆਈ.ਆਰ ਤਹਿਤ ਗ੍ਰਿਫ਼ਤਾਰ ਕੀਤੇ ਗਏ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅੱਜ ਭਾਰੀ ਸੁਰੱਖਿਆ ਵਿਚਕਾਰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੇ ਦੋਵਾਂ ਧਿਰਾਂ ਨੇ ਆਪਣੀ-ਆਪਣੀ ਗੱਲ ਰੱਖੀ ਅਤੇ ਅਖੀਰ ਪੁਲਸ ਨੂੰ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਮਿਲ ਗਿਆ।

ਅਗਨੀਪਥ ਯੋਜਨਾ; ਦੇਸ਼ ਭਰ ’ਚ ਉਬਾਲ ਦਰਮਿਆਨ ਸੁਪਰੀਮ ਕੋਰਟ ਪੁੱਜਾ ਮਾਮਲਾ
ਕੇਂਦਰ ਸਰਕਾਰ ਦੀ ‘ਅਗਨੀਪਥ ਭਰਤੀ ਯੋਜਨਾ’ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ’ਚ ਉਬਾਲ ਹੈ। ਇਸ ਯੋਜਨਾ ਨੂੰ ਲੈ ਕੇ ਨੌਜਵਾਨ ਸੜਕਾਂ ’ਤੇ ਉਤਰ ਆਏ ਹਨ। ਇਸ ਦਰਮਿਆਨ ਹੁਣ ਇਹ ਮਾਮਲਾ  ਸੁਪਰੀਮ ਕੋਰਟ ’ਚ ਪਹੁੰਚ ਗਿਆ ਹੈ।

‘ਅਗਨੀਪਥ’ ਸਕੀਮ ਦੇ ਵਿਵਾਦ ਦਰਮਿਆਨ ਭਗਵੰਤ ਮਾਨ ਦੀ ਕੇਂਦਰ ਸਰਕਾਰ ਨੂੰ ਅਪੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਪਿਛਲੇ ਦੋ ਸਾਲਾਂ ਵਿਚ ਸਰੀਰਕ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ ‘ਅਗਨੀਪਥ’ ਸਕੀਮ ਨੂੰ ਲਾਗੂ ਕਰਨ ਦੀ ਬਜਾਏ ਫੌਜ ਵਿਚ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਦੋਸ਼, ਥਰਡ ਡਿਗਰੀ ਇਸਤੇਮਾਲ ਕਰ ਰਹੀ ਪੰਜਾਬ ਪੁਲਸ, ਲਾਰੈਂਸ ਦੀ ਜਾਨ ਨੂੰ ਖ਼ਤਰਾ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਤਿਹਾੜ ਜੇਲ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲਸ ’ਤੇ ਵੱਡੇ ਦੋਸ਼ ਲਗਾਏ ਹਨ। ਗੈਂਗਸਟਰ ਦੇ ਵਕੀਲ ਐਡਵੋਕੇਟ ਵਿਸ਼ਾਲ ਚੋਪੜਾ ਨੇ ਕਿਹਾ ਕਿ ਲਾਰੈਂਸ ਨੂੰ ਇੰਟੈਰੋਗੇਸ਼ਨ ਵਿਚ ਥਰਡ ਡਿਗਰੀ ਟਾਰਚਰ ਕੀਤਾ ਕੀਤਾ ਜਾ ਰਿਹਾ ਹੈ।

ਫਗਵਾੜਾ : ਐਕਸਿਸ ਬੈਂਕ 'ਚ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
ਫਗਵਾੜਾ ਦੇ ਦਰਵੇਸ਼ ਪਿੰਡ ਦੇ ਐਕਸਿਸ ਬੈਂਕ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਬੈਂਕ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ।

ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ
ਕੋਵਿਡ ਤੋਂ ਬਾਅਦ ਜਿਵੇਂ-ਜਿਵੇਂ ਵਿਦੇਸ਼ ਜਾਣ ਦੇ ਰਸਤੇ ਖੁੱਲ੍ਹ ਰਹੇ ਹਨ, ਕੈਨੇਡਾ ਸਰਕਾਰ ਨੇ ਪੰਜਾਬ ਖ਼ਾਸ ਤੌਰ ’ਤੇ ਦੁਆਬੇ ਦੇ ਲੋਕਾਂ ਲਈ ਆਪਣੀਆਂ ਯਾਤਰਾ ਸਹੂਲਤਾਂ ਦਾ ਵਿਸਤਾਰ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਬਿਨੈਕਾਰ, ਜਿਨ੍ਹਾਂ ਦੇ ਵੀਜ਼ਾ ਕੈਨੇਡਾ ਸਰਕਾਰ ਵੱਲੋਂ ਅਪਰੂਵ ਹੋ ਗਏ ਹਨ, ਨੂੰ ਆਪਣੇ ਪਾਸਪੋਰਟ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਵਿਚ ਜਮ੍ਹਾ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਅਕਾਲੀ ਦਲ ਨੇ ਪੰਚਾਇਤ ਮੰਤਰੀ ਧਾਲੀਵਾਲ ਖ਼ਿਲਾਫ਼ ਮੁੱਖ ਚੋਣ ਅਫ਼ਸਰ ਨੂੰ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਮੁੱਖ ਚੋਣ ਅਫ਼ਸਰ ਨੂੰ ਸ਼ਿਕਾਇਤ ਕੀਤੀ ਗਈ ਹੈ।

ਦੇਸ਼ 'ਚ ਕੋਰੋਨਾ ਦੇ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, 23 ਮਰੀਜ਼ਾਂ ਦੀ ਹੋਈ ਮੌਤ
ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 13,216 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 4,32,83,793 ਹੋ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 68,108 'ਤੇ ਪਹੁੰਚ ਗਈ ਹੈ।

ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ISIS ਅੱਤਵਾਦੀਆਂ ਦਾ ਹਮਲਾ, ਅੰਦਰ ਫਸੇ 15 ਸਿੱਖ, 1 ਦੀ ਮੌਤ
ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੇ ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਅਫ਼ਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਲਗਭਗ 15 ਅਫ਼ਗਾਨ ਸਿੱਖ ਅਤੇ ਹਿੰਦੂ ਫਸ ਗਏ, ਜਦਕਿ 1 ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।

ਕਾਬੁਲ ਹਮਲਾ: ਜਾਨ 'ਤੇ ਖੇਡ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਕੱਢ ਲਿਆਏ ਸਿੱਖ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਕਰਤੇ ਪਰਵਾਨ 'ਤੇ ਅੱਜ ਸਵੇਰੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਦੌਰਾਨ ਉੱਥੇ ਰਹਿੰਦੇ ਸਿੱਖਾਂ ਵਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਇਕ ਘਰ 'ਚ ਲਿਆਂਦਾ ਗਿਆ।


Mukesh

Content Editor

Related News