ਮੁਲਾਜ਼ਮਾਂ ਨੂੰ ‘ਆਪ’ ਸਰਕਾਰ ਵੱਲੋਂ ਦੀਵਾਲੀ ਦਾ ਤੋਹਫ਼ਾ, ਰਾਜਪਾਲ ਦੀ ਪੰਜਾਬ ਸਰਕਾਰ ਨੂੰ ਸਲਾਹ, ਪੜ੍ਹੋ Top 10
Friday, Oct 21, 2022 - 09:51 PM (IST)
ਜਲੰਧਰ (ਬਿਊਰੋ) : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਦੋਹਰਾ ਤੋਹਫ਼ਾ ਦਿੱਤਾ ਹੈ। ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਡੀ. ਏ. ਵਿਚ 6 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉੱਧਰ, ਰਾਜਪਾਲ ਅਤੇ ਮਾਨ ਸਰਕਾਰ ਵਿਚਾਲੇ ਟਕਰਾਅ ਜਾਰੀ ਹੈ। ਖੇਤੀਬਾੜੀ ਯੂਨੀਵਰਸਿਟੀ 'ਚ ਚਾਂਸਲਰ ਨੂੰ ਲੈ ਕੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਮਾਮਲਿਆਂ 'ਚ ਕਾਨੂੰਨਾਂ ਤਹਿਤ ਕੁਝ ਨਹੀਂ ਕਰ ਰਹੀ, ਪਰ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖਣਾ ਮੇਰਾ ਫਰਜ਼ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਵੱਡਾ ਐਲਾਨ, ਮੁਲਾਜ਼ਮਾਂ ਦੇ ਡੀ. ਏ. ’ਚ ਕੀਤਾ ਵਾਧਾ
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਦੋਹਰਾ ਤੋਹਫ਼ਾ ਦਿੱਤਾ ਹੈ। ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਡੀ. ਏ. ਵਿਚ 6 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਸੀ ਕਿ ਓਲਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਉਨ੍ਹਾਂ ਦੀ ਇਹ ਮੰਗ ਪ੍ਰਵਾਨ ਕਰਾਂਗੇ, ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ।
ਪੰਜਾਬ ਯੂਨੀਵਰਸਿਟੀ ਮਾਮਲਾ: ਰਾਜਪਾਲ ਨੇ ਪ੍ਰੈੱਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਦਿੱਤੀ ਇਹ ਸਲਾਹ
ਯੂਨੀਵਰਸਿਟੀ 'ਚ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਰਾਜਪਾਲ ਅਤੇ ਮਾਨ ਸਰਕਾਰ ਵਿਚਾਲੇ ਟਕਰਾਅ ਜਾਰੀ ਹੈ। ਦੋਹਾਂ ਵਿਚਕਾਰ ਚਿੱਠੀਆਂ ਦਾ ਆਦਾਨ-ਪ੍ਰਦਾਨ ਪੂਰੇ ਜ਼ੋਰਾਂ 'ਤੇ ਹੈ। ਇਸ ਦੇ ਨਾਲ ਹੀ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਵੀ ਜਾਰੀ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਪੱਤਰ ਰਾਹੀਂ ਦੋਸ਼ ਲਾਇਆ ਹੈ ਕਿ ਰਾਜਪਾਲ ਪੰਜਾਬ ਸਰਕਾਰ ਦੇ ਕੰਮਾਂ 'ਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਉਪਰੋਂ ਕਾਰਵਾਈ ਹੋਣ ਦਾ ਦੋਸ਼ ਲਾਇਆ ਹੈ।
ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਭੋਗਪੁਰ ਵਿਖੇ ਪਿੰਡ ਕਾਲਾ ਬੱਕਰਾ ਪਿੰਡ ਤੋਂ ਸਾਹਮਣੇ ਆਇਆ ਹੈ। ਰੋਜ਼ੀ-ਰੋਟੀ ਲਈ ਇਟਲੀ ਗਏ ਬਲਾਕ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਦੇ 27 ਸਾਲਾ ਨੌਜਵਾਨ ਦਾ ਇਟਲੀ ਵਿਖੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ ਉਰਫ਼ ਜੰਗੀ ਵਜੋਂ ਹੋਈ ਹੈ, ਜੋਕਿ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਜੋਂ ਹੋਈ ਹੈ।
ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਕੀਤੀ ਬੇਅਦਬੀ
ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਕੋਲ ਲੱਗਦੀ ਮਾਰਕੀਟ ’ਚ ਇਕ ਦੁਕਾਨਦਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਇਸ ਮਸਲੇ ’ਚ ਦੂਰ ਭੱਜਦੀ ਦਿਖਾਈ ਦਿੱਤੀ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀ ਦੇ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਅਸੀਂ ਦੁਖੀ ਹਿਰਦੈ ਨਾਲ ਦੱਸ ਰਹੇ ਹਾਂ ਕਿ ਬੇਅਦਬੀਆਂ ਦੇ ਮੁੱਦੇ ਹਰ ਰੋਜ਼ ਵਧ ਰਹੇ ਹਨ, ਇਹ ਘਟ ਨਹੀਂ ਰਹੇ।
ਨਵਜੋਤ ਸਿੱਧੂ ਦੀ ਅਦਾਲਤ 'ਚ ਪੇਸ਼ੀ ਨੂੰ ਲੈ ਕੇ ਆਈ ਅਹਿਮ ਖ਼ਬਰ
ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਕੋਰਟ 'ਚ ਹੋਣ ਵਾਲੀ ਪੇਸ਼ੀ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਆਖਰੀ ਸਮਿਆਂ ਤਕ ਚੱਲੀਆਂ ਕਿਆਸਰਾਈਆਂ ਵਿਚਾਲੇ ਨਵਜੋਤ ਸਿੱਧੂ ਦੀ ਇਹ ਪੇਸ਼ੀ ਟੱਲ ਗਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਹਸਪਤਾਲ 'ਚ ਕਰਵਾਏ ਗਏ ਮੈਡੀਕਲ 'ਚ ਡਾਕਟਰਾਂ ਨੇ ਸਿੱਧੂ ਨੂੰ 'ਅਨਫਿਟ' ਕਰਾਰ ਦਿੱਤਾ ਸੀ।
ਵਿਦੇਸ਼ ਤੋਂ ਮੁੜ ਆਈ ਮੰਦਭਾਗੀ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਸਾਈਪ੍ਰਸ 'ਚ ਸ਼ੱਕੀ ਹਾਲਾਤ 'ਚ ਮੌਤ
ਸੰਗਰੂਰ ਦੇ ਪਿੰਡ ਬਖਸ਼ੀਵਾਲਾ ਦੇ ਨੌਜਵਾਨ ਮੱਖਣ ਸਿੰਘ ਦੀ ਸਾਈਪ੍ਰਸ 'ਚ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਮਿਲਣ 'ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਸੰਬੰਧੀ ਗੱਲ ਕਰਦਿਆਂ ਮ੍ਰਿਤਕ ਮੱਖਣ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤ ਨੂੰ ਘਰ-ਵਾਰ ਵੇਚ ਕੇ ਕਮਾਈ ਕਰਨ ਲਈ ਸਾਈਪ੍ਰਸ ਭੇਜਿਆ ਸੀ।
ਜਨਰਲ ਇਜਲਾਸ ਦੀ ਤਾਰੀਖ਼ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ SGPC ਪ੍ਰਧਾਨ ਧਾਮੀ ਹੋਏ ਆਹਮੋ-ਸਾਹਮਣੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਤਾਰੀਖ਼ ਨੂੰ ਲੈ ਕੇ ਬੀਬੀ ਜਗੀਰ ਕੌਰ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਬਦੀ ਗੱਲਬਾਤ ’ਚ ਆਹਮੋ-ਸਾਹਮਣੇ ਹੋ ਗਏ ਹਨ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਮਜਬੂਰੀ ਦੱਸਦਿਆਂ ਕਿਹਾ ਕਿ 9 ਨਵੰਬਰ ਨੂੰ ਸਾਰੇ ਮੈਂਬਰ ਜਰਨਲ ਇਜਲਾਸ ਵਿੱਚ ਹਾਜ਼ਰ ਨਹੀਂ ਹੋ ਸਕਦੇ ਹਨ।
ਪਲੇਟਲੈਟਸ ਦੀ ਜਗ੍ਹਾ ਚੜ੍ਹਾਇਆ ਮੋਸੰਮੀ ਦਾ ਜੂਸ, ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਸੀਲ
ਪ੍ਰਯਾਗਰਾਜ ਜ਼ਿਲ੍ਹੇ 'ਚ ਡੇਂਗੂ ਦੇ ਇਕ ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੋਸੰਮੀ ਦਾ ਜੂਸ ਚੜ੍ਹਾਏ ਜਾਣ ਨੂੰ ਲੈ ਕੇ ਇੱਥੇ ਇਕ ਨਿੱਜੀ ਹਸਪਤਾਲ ਨੂੰ ਵੀਰਵਾਰ ਨੂੰ ਸੀਲ ਕਰ ਦਿੱਤਾ ਗਿਆ। ਮਰੀਜ਼ ਦੀ ਬਾਅਦ 'ਚ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਦੇ ਟਵੀਟ ਅਤੇ ਆਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ, ਜਿੱਥੇ ਮਰੀਜ਼ ਨੂੰ ਕਥਿਤ ਤੌਰ 'ਤੇ ਮੌਸੰਬੀ ਦਾ ਜੂਸ ਚੜ੍ਹਾਇਆ ਗਿਆ ਸੀ।
ਅਰੁਣਾਚਲ ਪ੍ਰਦੇਸ਼ 'ਚ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਰੈਸਕਿਊ ਜਾਰੀ
ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਤੂਤਿੰਗ ਹੈੱਡ ਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਵਾਪਰਿਆ। ਰੱਖਿਆ ਜਨ ਸੰਪਰਕ ਅਧਿਕਾਰੀ, ਗੁਹਾਟੀ ਅਨੁਸਾਰ, ਅੱਜ ਸਵੇਰੇ ਕਰੀਬ 10.40 ਵਜੇ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਤੂਤਿੰਗ ਖੇਤਰ ਕੋਲ ਉੱਨਤ ਹਲਕਾ ਹੈਲੀਕਾਪਟਰ (ਏ.ਐੱਲ.ਐੱਚ.) ਹਾਦਸੇ ਦਾ ਸ਼ਿਕਾਰ ਹੋ ਗਿਆ।
ਗੈਂਗਸਟਰ ਲਾਰੈਂਸ ਬਿਸ਼ਨੋਈ ਜਲੰਧਰ ਦੀ ਅਦਾਲਤ ’ਚ ਪੇਸ਼, 31 ਅਕਤੂਬਰ ਤੱਕ ਮਿਲਿਆ ਪੁਲਸ ਰਿਮਾਂਡ
ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੋਗਾ ਤੋਂ ਟ੍ਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਜਲੰਧਰ ਪੁਲਸ ਨੂੰ ਬਿਸ਼ਨੋਈ ਨੂੰ 31 ਅਕਤੂਬਰ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੋ ਵਾਰ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ’ਚ ਅਸਫ਼ਲ ਰਹੀ ਜਲੰਧਰ ਦੀ ਪੁਲਸ ਨੂੰ ਅੱਜ ਮੋਗਾ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਹੋਇਆ ਸੀ।