ਅੱਜ ਲੱਗਣ ਵਾਲੇ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਬਾਰੇ ਜਾਣੋ ਪੂਰੀ ਜਾਣਕਾਰੀ ਤੇ ਸਾਵਧਾਨੀਆਂ

Thursday, Feb 15, 2018 - 03:17 PM (IST)

ਨਵੀਂ ਦਿੱਲੀ — ਸਾਲ 2018 ਦਾ ਅੱਜ ਪਹਿਲਾਂ ਸੂਰਜ ਗ੍ਰਹਿਣ ਹੈ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਸਾਲ  ਦਾ ਪਹਿਲਾਂ ਚੰਦਰ ਗ੍ਰਹਿਣ ਦੇਖਿਆ ਗਿਆ ਸੀ। ਅੱਜ ਦਾ ਇਹ ਸੂਰਜ ਗ੍ਰਹਿਣ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ, ਜਿਸ ਕਾਰਨ ਕਈ ਦੇਸ਼ਾਂ ਵਿਚ ਇਹ ਦਿਖਾਈ ਹੀ ਨਹੀਂ ਦੇਵੇਗਾ। ਇਸ ਸਾਲ ਪੂਰੇ ਪੰਜ ਗ੍ਰਹਿਣ ਲੱਗਣਗੇ। ਅੱਜ ਤੋਂ ਬਾਅਦ ਜੁਲਾਈ ਦੇ ਮਹੀਨੇ 'ਚ ਹੀ ਸੂਰਜ ਅਤੇ ਚੰਦਰ ਦੋਵੇਂ ਗ੍ਰਹਿਣ ਲੱਗਣਗੇ।
31 ਜਨਵਰੀ ਨੂੰ ਦਿਖਾਈ ਦਿੱਤਾ ਚੰਦਰ ਗ੍ਰਹਿਣ ਦਾ 152 ਸਾਲ ਬਾਅਦ ਬਹੁਤ ਹੀ ਦੁਰਲਭ ਸੰਯੋਗ ਬਣਿਆ ਸੀ। ਉਸ ਰਾਤ ਚੰਨ 30 ਫੀਸਦੀ ਵਧ ਚਮਕੀਲਾ ਸੀ। ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ 'ਚ ਇਸ ਸੂਪਰ ਬਲੂ ਬਲਡ ਮੂਨ ਨੂੰ ਦੇਖਿਆ ਗਿਆ। ਹੁਣ ਆ ਰਿਹਾ ਹੈ ਸੂਰਜ ਗ੍ਰਹਿਣ, ਆਓ ਜਾਣਦੇ ਹਾਂ ਇਹ ਗ੍ਰਹਿਣ ਕਿਸ ਸਮੇਂ ਦਿਖਾਈ ਦੇਵੇਗਾ, ਕਿਥੇ ਦਿਖਾਈ ਦੇਵੇਗਾ ਅਤੇ ਇਸ ਤੋਂ ਬਾਅਦ ਦੌਬਾਰਾ ਕਦੋਂ ਦਿਖਾਈ ਦੇਵੇਗਾ ਗ੍ਰਹਿਣ।

PunjabKesari
ਦੱਸਣਯੋਗ ਹੈ ਕਿ ਇਸ ਸਾਲ 2018 'ਚ ਪੰਜ ਗ੍ਰਹਿਣ ਲੱਗਣਗੇ ਜਿਨ੍ਹਾਂ 'ਚ 3 ਸੂਰਜ ਗ੍ਰਹਿਣ ਅਤੇ 2 ਚੰਦਰ ਗ੍ਰਹਿਣ ਹਨ। 
ਸੂਰਜ ਗ੍ਰਹਿਣ
1. 15 ਫਰਵਰੀ 2018 ਨੂੰ ਸਾਲ ਦਾ ਪਹਿਲਾਂ ਸੂਰਜ ਗ੍ਰਹਿਣ ਲੱਗੇਗਾ।
2. ਦੂਸਰਾ ਸੂਰਜ ਗ੍ਰਹਿਣ 13 ਜੁਲਾਈ 2018 ਨੂੰ ਲੱਗੇਗਾ।
3. ਤੀਸਰਾ ਸੂਰਜ ਗ੍ਰਹਿਣ 11 ਅਗਸਤ 2018 ਨੂੰ ਲੱਗੇਗਾ। 

ਚੰਦਰ ਗ੍ਰਹਿਣ
1. ਪਹਿਲਾ ਚੰਦਰ ਗ੍ਰਹਿਣ 31 ਜਨਵਰੀ 2018 ਨੂੰ ਲੱਗਾ ਸੀ।
2. ਦੂਸਰਾ ਚੰਦਰ ਗ੍ਰਹਿਣ 27-28 ਜੁਲਾਈ 2018 ਨੂੰ ਲੱਗੇਗਾ।

15 ਫਰਵਰੀ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਸਮਾਂ
ਇਹ ਗ੍ਰਹਿਣ 15 ਫਰਵਰੀ ਵੀਰਵਾਰ ਦੀ ਰਾਤ 12.25 ਤੋਂ ਸ਼ੁਰੂ ਹੋ ਕੇ 16 ਫਰਵਰੀ ਦੀ ਸਵੇਰ 4:18 ਵਜੇ ਤੱਕ ਰਹੇਗਾ। ਹਾਲਾਂਕਿ ਸੂਤਕ ਕਾਲ ਗ੍ਰਹਿਣ ਦੇ ਲਗਭਗ 12 ਘੰਟੇ ਪਹਿਲਾਂ ਮਤਲਬ 15 ਫਰਵਰੀ ਸਵੇਰੇ 11:35 ਵਜੇ ਹੀ ਸ਼ੁਰੂ ਹੋ ਜਾਵੇਗਾ। ਸੂਰਜ ਗ੍ਰਹਿਣ ਮੱਸਿਆ ਦੇ ਦਿਨ ਹੁੰਦਾ ਹੈ ਅਤੇ ਚੰਦਰ ਗ੍ਰਹਿਣ ਪੂਰਨਮਾਸ਼ੀ ਦੇ ਦਿਨ ਲੱਗਦਾ ਹੈ।
ਕਿਥੇ-ਕਿਥੇ ਦਿਖਾਈ ਦੇਵੇਗਾ ਅੱਜ ਦਾ ਸੂਰਜ ਗ੍ਰਹਿਣ
ਭਾਰਤੀ ਸਮੇਂ ਅਨੁਸਾਰ ਇਹ ਸੂਰਜ ਗ੍ਰਹਿਣ ਰਾਤ ਦੇ ਸਮੇਂ ਲੱਗਣ ਵਾਲਾ ਹੈ। ਇਸੇ ਕਾਰਨ ਇਹ ਗ੍ਰਹਿਣ ਭਾਰਤ ਵਿਚ ਦਿਖਾਈ ਨਹੀਂ ਦੇਵੇਗਾ। ਇਹ ਦੱਖਣੀ ਅਮਰੀਕਾ, ਅੰਟਾਰਕਟਿਕਾ, ਉਰਗਵੇ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਚ ਦੇਖਿਆ ਜਾ ਸਕੇਗਾ। ਅੰਟਾਰਕਟਿਕਾ ਵਿਚ ਇਹ ਸਭ ਤੋਂ ਵਧ ਦਿਖਾਈ ਦੇਵੇਗਾ।
ਕਿਉਂ ਲੱਗਦਾ ਹੈ ਸੂਰਜ ਗ੍ਰਹਿਣ?
ਪ੍ਰਿਥਵੀ ਆਪਣੀ ਧੂਰੀ ਦੁਆਲੇ ਘੁੰਮਣ ਦੇ ਨਾਲ-ਨਾਲ ਸੂਰਜ ਦੇ ਚਾਰੋਂ ਪਾਸੇ ਵੀ ਚੱਕਰ ਲਗਾਉਂਦੀ ਹੈ। ਦੂਸਰੇ ਪਾਸੇ ਚੰਦਰਮਾ ਦਰਅਸਲ ਪ੍ਰਿਥਵੀ ਦਾ ਉਪਗ੍ਰਹਿ ਹੈ ਅਤੇ ਉਸਦੇ ਚੱਕਰ ਲਗਾਉਂਦਾ ਹੈ। ਇਸ ਲਈ ਜਿਸ ਸਮੇਂ ਵੀ ਚੰਦਰਮਾ ਚੱਕਰ ਲਗਾਉਂਦੇ ਹੋਏ ਸੂਰਜ ਅਤੇ ਪ੍ਰਿਥਵੀ ਦੇ ਬਿਲਕੁੱਲ ਵਿਚ ਆ ਜਾਂਦਾ ਹੈ ਤਾਂ ਉਸ ਸਮੇਂ ਸੂਰਜ ਅੱਧਾ ਜਾਂ ਪੂਰਾ ਧਰਤੀ 'ਤੇ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਇਹ ਇਕ ਤਰ੍ਹਾਂ ਦੀ ਸੌਰ ਮੰਡਲ ਦੀ ਖਗੋਲੀ ਸਥਿਤੀ ਹੈ, ਜਿਸ 'ਚ ਸੂਰਜ ਚੰਦਰਮਾਂ ਅਤੇ ਧਰਤੀ ਤਿੰਨੋਂ ਇਕ ਸਿੱਧੀ ਰੇਖਾ 'ਚ ਆ ਜਾਂਦੇ ਹਨ। ਸੂਰਜ ਦੀ ਰੌਸ਼ਣੀ ਵਿਚ ਚੰਦਰਮਾ ਆ ਜਾਂਦਾ ਹੈ ਅਤੇ ਸੂਰਜ ਦੀ ਰੌਸ਼ਣੀ ਫਿੱਕੀ ਪੈ ਜਾਂਦੀ ਹੈ।


ਗ੍ਰਹਿਣ ਵੇਲੇ ਸ਼ਾਸਤਰਾਂ ਮੁਤਾਬਕ ਸਿਹਤ ਅਤੇ ਧਰਮ ਦੇ ਪੱਖੋਂ ਕਿਸੇ ਵੀ ਵਿਅਕਤੀ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ।
1. ਤੇਲ ਮਾਲਸ਼ ਨਾ ਕਰੋ
ਗ੍ਰਹਿਣ ਦੇ ਸਮੇਂ ਤੇਲ ਮਾਲਸ਼ ਨਹੀਂ ਕਰਨੀ ਚਾਹੀਦੀ। ਜੋ ਲੋਕ ਗ੍ਰਹਿਣ ਦੇ ਵੇਲੇ ਤੇਲ ਮਾਲਸ਼ ਕਰਦੇ ਹਨ, ਉਨ੍ਹਾਂ ਨੂੰ ਚਮੜੀ ਸੰਬੰਧੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2. ਗਰਭਵਤੀ ਔਰਤਾਂ ਧਿਆਨ ਰੱਖਣ
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਇਸ ਵੇਲੇ ਵਾਤਾਵਰਣ ਦੀ ਨਕਾਰਾਤਮਕ ਊਰਜਾ ਕਿਰਿਆਸ਼ੀਲ ਹੋ ਜਾਂਦੀ ਹੈ। ਇਸ ਨਾਲ ਗਰਭ 'ਚ ਪਲ ਰਹੇ ਬੱਚੇ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਕੀ ਕਰੀਏ, ਕੀ ਨਾ ਕਰੀਏ?
- ਭਾਵੇਂ ਚੰਦਰ ਗ੍ਰਹਿਣ ਹੋਵੇ, ਭਾਵੇਂ ਸੂਰਜ ਗ੍ਰਹਿਣ, ਇਸ ਦੌਰਾਨ ਪੂਜਾ-ਪਾਠ ਕਰਨੀ ਚਾਹੀਦੀ ਹੈ।
- ਚਾਕੂ, ਕੈਂਚੀ, ਸੂਈ, ਧਾਗੇ ਦੀ ਵਰਤੋਂ ਇਸ ਦੌਰਾਨ ਨਹੀਂ ਕਰਨੀ ਚਾਹੀਦੀ।
- ਗਰਭਵਤੀ ਔਰਤਾਂ ਲਈ ਇਸ ''ਤੇ ਅਮਲ ਕਰਨਾ ਜ਼ਰੂਰੀ ਹੈ।
- ਗ੍ਰਹਿਣ ਦੌਰਾਨ ਘਰ ''ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ। 

- ਗ੍ਰਹਿਣ ਦੇ ਸਮੇਂ ਇਸ਼ਨਾਨ ਨਾ ਕਰੋ।
- ਗ੍ਰਹਿਣ ਦੇ ਸਮੇਂ ਕੁਝ ਨਾ ਖਾਓ।
- ਭੋਜਨ ਨਾ ਪਕਾਓ।
- ਦੰਦਾਂ ਦੀ ਸਫਾਈ, ਵਾਲਾਂ 'ਚ ਕੰਘੀ, ਮਲ-ਮੂਤਰ ਦਾ ਤਿਆਗ ਨਾ ਕਰੋ।
- ਗ੍ਰਹਿਣ ਦੇ ਸਮੇਂ ਸੌਣਾ ਵੀ ਨਹੀਂ ਚਾਹੀਦਾ। ਗਰਭਵਤੀ ਮਹਿਲਾਵਾਂ, ਬੀਮਾਰ ਅਤੇ ਬਜ਼ੁਰਗ ਅਰਾਮ ਕਰ ਸਕਦੇ ਹਨ।
- ਇਸ ਸਮੇਂ ਸਰੀਰਕ ਸੰਬੰਧ ਵੀ ਨਹੀਂ ਬਣਾਉਣੇ ਚਾਹੀਦੇ। ਸ਼ਾਸਤਰਾਂ ਅਨੁਸਾਰ ਜਿਹੜੇ ਲੋਕ ਗ੍ਰਹਿਣ ਸਮੇਂ ਦੌਰਾਨ ਸੰਬੰਧ ਬਣਾਉਂਦੇ ਹਨ। ਉਹ ਖੁਦ ਤਾਂ ਪਾਪਾਂ ਦੇ ਭਾਗੀ ਬਣਦੇ ਹੀ ਹਨ। ਪੈਦਾ ਹੋਣ ਵਾਲੀ ਔਲਾਦ ਵੀ ਸਰੀਰਕ ਅਤੇ ਮਾਨਸਿਕ ਰੂਪ ਕਮਜ਼ੋਰ ਹੁੰਦੀ ਹੈ।


3. ਕੁੰਡਲੀ ਦੋਸ਼ ਹੋਣ ਤਾਂ
ਕੁੰਡਲੀ ਦੇ ਕਿਸੇ ਵੀ ਭਾਵ 'ਚ ਜੇਕਰ ਚੰਦਰ ਅਤੇ ਕੇਤੂ, ਚੰਦਰ ਅਤੇ ਰਾਹੂ, ਸੂਰਜ ਅਤੇ ਕੇਤੂ ਜਾਂ ਸੂਰਜ ਅਤੇ ਰਾਹੂ ਇਕੱਠੇ ਸਥਿਤ ਹਨ ਤਾਂ ਗ੍ਰਹਿਣ ਯੋਗ ਬਣਦਾ ਹੈ। ਕੁੰਡਲੀ 'ਚ ਗ੍ਰਹਿਣ ਯੋਗ ਹੋਣ 'ਤੇ ਵਿਅਕਤੀ ਨੂੰ ਗ੍ਰਹਿਣ ਵੇਲੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
4. ਗ੍ਰਹਿਣ ਵੇਲੇ ਕਦੇ ਨਾ ਕਰੋ ਪੂਜਾ
ਗ੍ਰਹਿਣ ਵੇਲੇ ਸਾਰੇ ਮੰਦਰ ਬੰਦ ਕਰ ਦਿੱਤੇ ਜਾਂਦੇ ਹਨ। ਇਸ ਦੌਰਾਨ ਪੂਜਾ ਨਹੀਂ ਕਰਨੀ ਚਾਹੀਦੀ। ਕੇਵਲ ਮੰਤਰਾਂ ਦਾ ਮਾਨਸਿਕ ਜਪ ਭਾਵ ਕਿ ਬਿਨਾਂ ਆਵਾਜ਼ ਕੀਤੇ ਮੰਤਰਾਂ ਦਾ ਹੌਲੀ-ਹੌਲੀ ਜਾਪ ਕਰਨਾ ਚਾਹੀਦਾ ਹੈ।


Related News