ਲੱਗਭਗ ਇਕ ਸਾਲ ਦੀ ਦੇਰੀ ਨਾਲ ਲੱਗਣ ਜਾ ਰਿਹੈ 6000 ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਵਾਲਾ ਟੈਂਡਰ
Sunday, Nov 10, 2024 - 04:49 AM (IST)
ਜਲੰਧਰ (ਖੁਰਾਣਾ) – ਸਮਾਰਟ ਸਿਟੀ ਵੱਲੋਂ ਸ਼ਹਿਰ ਵਿਚ ਲੱਗੀਆਂ ਪੁਰਾਣੀਆਂ ਸੋਡੀਅਮ ਸਟ੍ਰੀਟ ਲਾਈਟਾਂ ਨੂੰ ਬਦਲਣ ਦੇ ਕੰਮ ’ਤੇ ਲੱਗਭਗ 60 ਕਰੋੜ ਰੁਪਏ ਖਰਚ ਕੀਤੇ ਗਏ ਪਰ ਇਸਦੇ ਬਾਵਜੂਦ ਜਲੰਧਰ ਸ਼ਹਿਰ ਦੇ ਸਟ੍ਰੀਟ ਲਾਈਟ ਸਿਸਟਮ ਵਿਚ ਕੋਈ ਸੁਧਾਰ ਨਹੀਂ ਆਇਆ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਦਾ ਸਭ ਤੋਂ ਵੱਡਾ ਘਪਲਾ ਐੱਲ. ਈ. ਡੀ. ਸਟ੍ਰੀਟ ਲਾਈਟ ਪ੍ਰਾਜੈਕਟ ਵਿਚ ਹੀ ਹੋਇਆ।
ਦੋਸ਼ ਹੈ ਕਿ ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਤਹਿਤ ਪੁਰਾਣੀਆਂ ਲਾਈਟਾਂ ਨੂੰ ਬਦਲ ਤਾਂ ਦਿੱਤਾ ਗਿਆ ਪਰ ਇਸ ਪ੍ਰਾਜੈਕਟ ਦੀ ਨਿਗਰਾਨੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ ਅਤੇ ਕੰਪਨੀ ਨੇ ਵੀ ਬੇਹੱਦ ਦੇਸੀ ਤਰੀਕੇ ਨਾਲ ਸਿਰਫ ਲਾਈਟਾਂ ਨੂੰ ਹੀ ਬਦਲਣ ਦਾ ਕੰਮ ਕੀਤਾ, ਜਿਸ ਕਾਰਨ ਸਿਸਟਮ ਸੁਧਰਨ ਦੀ ਬਜਾਏ ਹੋਰ ਗੜਬੜਾ ਗਿਆ।
ਪਿਛਲੇ ਸਮੇਂ ਦੌਰਾਨ ਜਲੰਧਰ ਵਿਚ ਜਿਸ ਤਰ੍ਹਾਂ ਸਨੈਚਿੰਗ, ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਰਿਹਾ ਹੈ, ਉਸਦੇ ਪਿੱਛੇ ਇਕ ਮੁੱਖ ਕਾਰਨ ਸ਼ਹਿਰ ਦਾ ਲੱਚਰ ਅਤੇ ਘਟੀਆ ਸਟ੍ਰੀਟ ਲਾਈਟ ਸਿਸਟਮ ਵੀ ਮੰਨਿਆ ਜਾ ਰਿਹਾ ਹੈ, ਜਿਸ ਵਿਚ ਹੁਣ ਥੋੜ੍ਹਾ ਸੁਧਾਰ ਹੋਣ ਦੀ ਉਮੀਦ ਦਿਖਾਈ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਅਜਿਹੇ ਅਣਗਿਣਤ ਬਲੈਕ ਸਪਾਟ ਹਨ, ਜਿਥੇ ਨਵੀਆਂ ਸਟ੍ਰੀਟ ਲਾਈਟਾਂ ਲਗਾਏ ਜਾਣ ਦੀ ਲੋੜ ਹੈ, ਇਸ ਦੇ ਲਈ ਪਿਛਲੇ ਸਾਲ ਇਕ ਟੈਂਡਰ ਤਿਆਰ ਕੀਤਾ ਗਿਆ ਸੀ, ਜੋ ਲੱਗਭਗ ਪੌਣੇ 5 ਕਰੋੜ ਰੁਪਏ ਦਾ ਹੈ ਅਤੇ ਠੇਕੇਦਾਰ ਨੇ ਉਨ੍ਹਾਂ ਲਾਈਟਾਂ ਨੂੰ 5 ਸਾਲ ਲਈ ਮੇਨਟੇਨ ਵੀ ਕਰਨਾ ਹੈ। ਹੁਣ ਉਸ ਟੈਂਡਰ ਨੂੰ ਨਿਗਮ ਵੱਲੋਂ ਲੱਗਭਗ ਇਕ ਸਾਲ ਦੀ ਦੇਰੀ ਨਾਲ ਲਗਾਇਆ ਜਾ ਰਿਹਾ ਹੈ। ਪਹਿਲਾਂ ਤੋਂ ਲੱਗੀਆਂ ਲਾਈਟਾਂ ਨੂੰ ਵੀ ਇਸ ਟੈਂਡਰ ਤਹਿਤ ਮੇਨਟੇਨ ਕੀਤਾ ਜਾਵੇਗਾ।
ਪੁਰਾਣੀ ਕੰਪਨੀ ਨੇ ਲਗਾਈਆਂ ਸਨ 5 ਹਜ਼ਾਰ ਲਾਈਟਾਂ, ਉਨ੍ਹਾਂ ਨੂੰ ਕੋਈ ਠੀਕ ਨਹੀਂ ਕਰ ਰਿਹਾ
ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸੀ, ਉਸ ਦੌਰਾਨ ਸਟਰੀਟ ਲਾਈਟਾਂ ਨੂੰ ਬਦਲਣ ਲਈ ਜੋ ਕੰਪਨੀ ਲਾਈ ਗਈ ਸੀ, ਉਸ ਨੇ ਸ਼ਹਿਰ ਵਿਚ 5 ਹਜ਼ਾਰ ਤੋਂ ਜ਼ਿਆਦਾ ਐੱਲ. ਈ. ਡੀ. ਲਾਈਟਾਂ ਲਗਾ ਦਿੱਤੀਆਂ ਸਨ। ਇਸਦੇ ਨਾਲ-ਨਾਲ ਕਾਂਗਰਸ ਦੇ ਐੱਮ. ਪੀ. ਅਤੇ ਐੱਮ. ਐੱਲ. ਏ. ਨੇ ਆਪਣੀ-ਆਪਣੀ ਗ੍ਰਾਂਟ ਨਾਲ ਵੱਖ-ਵੱਖ ਕੌਂਸਲਰਾਂ ਦੇ ਵਾਰਡਾਂ ਵਿਚ 5-7 ਹਜ਼ਾਰ ਨਵੀਆਂ ਐੱਲ. ਈ. ਡੀ. ਲਾਈਟਾਂ ਲਗਾ ਦਿੱਤੀਆਂ ਹਨ।
ਪਿਛਲੇ ਲੰਮੇ ਸਮੇਂ ਤੋਂ ਹਾਲਾਤ ਇਹ ਹੈ ਕਿ ਇਨ੍ਹਾਂ 10-12 ਹਜ਼ਾਰ ਲਾਈਟਾਂ ਦਾ ਕੋਈ ਵਾਲੀ-ਵਾਰਿਸ ਹੀ ਨਹੀਂ ਹੈ ਕਿਉਂਕਿ ਨਾ ਇਨ੍ਹਾਂ ਨੂੰ ਨਵੀਂ ਕੰਪਨੀ ਨੂੰ ਹੈਂਡਓਵਰ ਕੀਤਾ ਗਿਆ ਅਤੇ ਨਾ ਕੋਈ ਹੋਰ ਪ੍ਰਬੰਧ ਕੀਤਾ ਗਿਆ। ਇਨ੍ਹਾਂ ਵਿਚੋਂ ਲੱਗਭਗ 10 ਹਜ਼ਾਰ ਲਾਈਟਾਂ ਅੱਜ ਵੀ ਖਰਾਬ ਪਈਆਂ ਹਨ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਹਨੇਰਾ ਛਾਇਆ ਹੋਇਆ ਹੈ।