ਟਿਕ-ਟਾਕ ''ਤੇ ਕੋਰੋਨਾ ਵਾਇਰਸ ਦੀ ਝੂਠੀ ਵੀਡੀਓ ਪਾ ਕੇ ਬੁਰਾ ਫਸਿਆ ਸ਼ਖਸ
Saturday, Mar 21, 2020 - 07:14 PM (IST)
ਸੰਦੌੜ (ਰਿਖੀ): ਨੇੜਲੇ ਪਿੰਡ ਮਾਣਕੀ ਵਿਖੇ ਉਸ ਸਮੇਂ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਦੇ ਇਕ ਨੌਜਵਾਨ ਪ੍ਰਭਦੀਪ ਸਿੰਘ ਨੇ ਆਪਣੇ ਆਪ ਨੂੰ ਕਰੋਨਾ ਵਾਇਰਸ ਹੋਣ ਸਬੰਧੀ ਇਕ ਵੀਡੀਓ ਬਣਾ ਕੇ ਸੋਸ਼ਲ ਸਾਈਟ ਤੇ ਪਾ ਦਿੱਤੀ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੀ ਹਰਕਤ ਵਿਚ ਆ ਗਈ ਹੈ। ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ-ਪੰਜਗਰਾਈਆਂ ਦੇ ਐਸ.ਐਮ.ਓ ਡਾ. ਅਮਰਜੀਤ ਕੌਰ ਨੇ ਜਲਦ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਵਿਭਾਗ ਦੀ ਇਕ ਟੀਮ ਜਿਸ ਵਿੱਚ ਨੂੰ ਡਾ. ਮੁਹੰਮਦ ਇਰਫਾਨ, ਸਿਹਤ ਇੰਸਪੈਕਟਰ ਗੁਲਜਾਰ ਖਾਂ, ਮਹਿਲਾ ਸਿਹਤ ਸੁਪਰਵਾਈਜਰ ਮਹਿੰਦਰ ਕੌਰ, ਸਿਹਤ ਇੰਸਪੈਕਟਰ ਹਰਭਜਨ ਸਿੰਘ,ਰਾਜੇਸ਼ ਕੁਮਾਰ,ਬੀਬੀ ਜੈਨਬ,ਰਜਿਤ ਗਰਗ,ਕੁਲਵੰਤ ਸਿੰਘ,ਚਮਕੌਰ ਸਿੰਘ ਸ਼ਾਮਿਲ ਸਨ ਨੂੰ ਪਿੰਡ ਮਾਣਕੀ ਲਈ ਰਵਾਨਾ ਕੀਤਾ।ਇਸ ਟੀਮ ਨੇ ਉਕਤ ਨੌਜਵਾਨ ਦੇ ਘਰ ਪਹੁੰਚ ਕੇ ਨੌਜਵਾਨ ਦੀ ਜਾਂਚ ਕੀਤੀ।ਜਾਂਚ ਦੌਰਾਨ ਕਿਸੇ ਕਿਸਮ ਦਾ ਕੋਈ ਵੀ ਲੱਛਣ ਉਸ ਨੌਜਵਾਨ ਅੰਦਰ ਨਹੀਂ ਪਾਇਆ ਗਿਆ।ਮੁੱਢਲੀ ਪੜਤਾਲ ਵਿਚ ਪਤਾ ਲੱਗਾ ਕਿ ਉਸ ਨੌਜਵਾਨ ਨੇ ਜਾਣਬੁੱਝ ਕੇ ਇਕ ਵੀਡੀਓ ਬਣਾ ਕੇ ਟਿਕ-ਟੌਕ ਤੇ ਪਾ ਦਿੱਤੀ, ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਲੋਕਾਂ ਤੱਕ ਪਹੁੰਚ ਗਈ।ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸੰਦੌੜ ਦੇ ਮੁਖੀ ਕੁਲਵੰਤ ਸਿੰਘ ਵੀ ਮੌਕੇ ਤੇ ਪਹੁੰਚ ਗਏੇ, ਜਿਨ੍ਹਾਂ ਨੇ ਨੌਜਵਾਨ ਨਾਲ ਗੱਲਬਾਤ ਕੀਤੀ ਤੇ ਨੌਜਵਾਨ ਨੇ ਪੁਲਸ ਤੇ ਕੁਝ ਮੋਹਤਬਰ ਲੋਕਾਂ ਦੀ ਹਾਜ਼ਰੀ ਵਿਚ ਲਿਖਤੀ ਤੌਰ 'ਤੇ ਗਲਤੀ ਮੰਨਦੇ ਹੋਏ ਅੱਗੇ ਤੋਂ ਅਜਿਹਾ ਕੁੱਝ ਨਾ ਕਰਨ ਦੀ ਗੱਲ ਆਖੀ ਅਤੇ ਸੋਸ਼ਲ ਸਾਈਟ ਤੋਂ ਵੀਡੀਓ ਨੂੰ ਹਟਾ ਦਿੱਤਾ।
ਇਹ ਵੀ ਪੜ੍ਹੋ: ਕੈਪਟਨ ਨੇ ਸ਼ੇਅਰ ਕੀਤੀ ਪੰਜਾਬ ਪੁਲਸ ਦੀ ਵੀਡੀਓ, ਵੱਖਰੇ ਅੰਦਾਜ਼ 'ਚ ਕੋਰੋਨਾ ਪ੍ਰਤੀ ਕੀਤਾ ਜਾਗਰੂਕ
ਲੋਕ ਅਫਵਾਹਾਂ ਤੋਂ ਸੁਚੇਤ ਰਹਿਣ -ਐਸ.ਐਮ.ਓ –ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਐਸ.ਐਮ.ਓ ਪੰਜਗਰਾਈਆਂ ਡਾ.ਅਮਰਜੀਤ ਕੌਰ ਨੇ ਕਿਹਾ ਕਿ ਟੀਮ ਵੱਲੋਂ ਉਕਤ ਨੌਜਵਾਨ ਦੀ ਮੁਢਲੀ ਜਾਂਚ ਕੀਤੀ ਗਈ ਹੈ ਅਤੇ ਕਿਸੇ ਕਿਸਮ ਦਾ ਲੱਛਣ ਨਹੀਂ ਪਾਇਆ ਗਿਆ ਹੈ ਤੇ ਉਸਨੇ ਖੁਦ ਵੀ ਤੰਦਰੁਸਤ ਹੋਣ ਅਤੇ ਮਜਾਕ ਦੇ ਲਹਿਜੇ ਵਿੱਚ ਇਹ ਵੀਡੀਓ ਪਾਉਣ ਬਾਰੇ ਮੰਨਿਆ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਆਪਣਾ ਖਿਆਲ ਖੁਦ ਰੱਖਦੇ ਹੋਏ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਤੇ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ।
ਸੋਸ਼ਲ ਮੀਡੀਆ ਦੀ ਦੁਰਵਰਤੋਂ ਕੋਰੋਨਾ ਵਾਂਗ ਹੀ ਖਤਰਨਾਕ- ਸ.ਈਸ਼ਰਪਾਲ ਸਿੰਘ
ਇਸ ਮਾਮਲੇ ਸਬੰਧੀ ਸਮਾਜ ਸੇਵੀ ਸ.ਈਸ਼ਰਪਾਲ ਸਿੰਘ ਸੰਧੂ ਨੇ ਕਿਹਾ ਕਿ ਕਰੋਨਾ ਵਰਗੀ ਵਿਸ਼ਵ ਪੱਧਰੀ ਸਮੱਸਿਆ ਤੇ ਵੀ ਬਹੁਤ ਸਾਰੇ ਲੋਕ ਗੀਤ ਬਣਾ ਰਹੇ ਹਨ,ਮਜਾਕੀਆ ਵੀਡੀਓ ਬਣਾ ਰਹੇ ਹਨ ਜੋ ਬਹੁਤ ਹੀ ਸ਼ਰਮਨਾਕ ਹੈ ਉਹਨਾਂ ਕਿਹਾ ਕਿ ਲੋਕ ਕਿਸੇ ਵੀ ਵੀਡੀਓ ਜਾਂ ਸੰਦੇਸ਼ ਤੇ ਤੁਰੰਤ ਯਕੀਨ ਨਾ ਕਰਨ ਸਿਰਫ ਸਰਕਾਰ ਵੱਲੋਂ ਦਿੱਤੇ ਜਾਂਦੇ ਸੁਨੇਹੇ ਤੇ ਹੀ ਯਕੀਨ ਕਰਨ ਅਤੇ ਦੱਸੀਆਂ ਗਈ ਸਾਵਧਾਨੀਆਂ ਜਰੂਰ ਰੱਖਣ।
ਇਹ ਵੀ ਪੜ੍ਹੋ: ਜ਼ਿਲਾ ਗੁਰਦਾਸਪੁਰ ’ਚ ਅੱਜ ਸ਼ਾਮ ਤੋਂ ਹੀ ਲਾਗੂ ਹੋਵੇਗਾ ਜਨਤਾ ਕਰਫਿਊ