ਠੱਗ 45 ਹਜ਼ਾਰ ਦੀ ਨਕਦੀ, 2 ਸੋਨੇ ਦੀਆਂ ਅੰਗੂਠੀਆਂ, ਲਾਕੇਟ ਤੇ ਚੇਨ ਲੁੱਟ ਕੇ ਫਰਾਰ

Monday, Nov 11, 2024 - 04:58 AM (IST)

ਠੱਗ 45 ਹਜ਼ਾਰ ਦੀ ਨਕਦੀ, 2 ਸੋਨੇ ਦੀਆਂ ਅੰਗੂਠੀਆਂ, ਲਾਕੇਟ ਤੇ ਚੇਨ ਲੁੱਟ ਕੇ ਫਰਾਰ

ਗੜ੍ਹਦੀਵਾਲਾ (ਮੁਨਿੰਦਰ) - ਕੁਝ ਅਣਪਛਾਤੇ ਠੱਗਾਂ ਵੱਲੋਂ ਇਕ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਸਨੂੰ ਧਾਰਮਿਕ ਖਿਆਲਾਂ ’ਚ ਉਲਝਾ ਕੇ ਉਸ ਕੋਲੋਂ 45 ਹਜ਼ਾਰ ਰੁਪਏ ਨਕਦ, 2 ਸੋਨੇ ਦੀਆਂ ਅੰਗੂਠੀਆਂ ਤੇ ਇਕ ਲਾਕੇਟ ਸਮੇਤ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਇਨ੍ਹਾਂ ਠੱਗਾਂ ਦੀਆਂ ਫੋਟੋਆਂ  ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈਆਂ ਹਨ, ਪਰ ਖਬਰ ਲਿਖੇ ਜਾਣੇ ਤੱਕ ਪੁਲਸ ਲੁਟੇਰਿਆਂ ਦਾ ਕੋਈ ਵੀ ਸੁਰਾਗ ਨਹੀਂ ਲਗਾ ਸਕੀ ਹੈ। ਫਿਲਹਾਲ ਇਸ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਇਸ ਸਬੰਧੀ ਲਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਪਿੰਡ ਬਾਹਗਾ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦ ਉਹ ਬੱਸ ਸਟੈਂਡ ’ਤੇ ਸਥਿਤ ਡੀ. ਏ. ਵੀ. ਸਕੂਲ ਨਜ਼ਦੀਕ ਇਕ ਮੈਡੀਕਲ ਦੀ ਦੁਕਾਨ ਤੋਂ ਦਵਾਈ ਲੈ ਕੇ ਬਾਹਰ ਨਿਕਲ ਕੇ ਜਾਣ ਲੱਗਾ ਤਾਂ ਉਸ ਨੂੰ ਪਿੱਛੋਂ ਇਕ ਅਣਪਛਾਤੇ  ਵਿਅਕਤੀ ਨੇ ਆਵਾਜ਼ ਮਾਰ ਕੇ ਪੁੱਛਿਆ ਕਿ ਇਥੇ ਰਾਧਾ ਸੁਆਮੀ ਦਾ ਡੇਰਾ ਕਿੱਥੇ ਹੈ।

ਮੈਂ ਉਸ ਨੂੰ ਰਾਧਾ ਸੁਆਮੀ ਦੇ ਡੇਰੇ ਦਾ ਪਤਾ ਦੱਸਕੇ ਆਪਣੇ ਪਿੰਡ ਨੂੰ ਚਲਾ ਗਿਆ। ਉਨ੍ਹਾਂ ਦੱਸਿਆ ਕਿ ਜਦ ਉਹ ਪੁਰਾਣੇ ਡਾਕਖਾਨੇ ਦੇ ਨਜ਼ਦੀਕ ਸਰਹਾਲਾ ਮੋੜ ’ਤੇ ਪੁੱਜਾ ਤਾਂ ਮੋਟਰਸਾਈਕਲ ’ਤੇ ਸਵਾਰ ਇਕ ਹੋਰ ਠੱਗ ਜਿਸ ਦੇ ਪਿੱਛੇ ਔਰਤ ਬੈਠੀ ਸੀ, ਨੇ ਮੈਨੂੰ ਰੋਕ ਕੇ ਪੁੱਛਿਆ ਕਿ ਜਿਹੜਾ ਵਿਅਕਤੀ ਬੱਸ ਸਟੈਂਡ ’ਤੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਸਾਨੂੰ ਉਸ ਨਾਲ ਮਿਲਾ ਦਿਓ ਉਹ ਬਹੁਤ ਪਹੁੰਚਿਆ ਹੋਇਆ ਬੰਦਾ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਮੈਂ ਉਹ ਉਨ੍ਹਾਂ ਨੂੰ ਨਾਲ ਲੈਕੇ ਰਾਧਾ ਸੁਆਮੀ ਡੇਰੇ ਵੱਲ ਜਾ ਰਿਹਾ ਸੀ ਤਾਂ ਬੱਸ ਸਟੈਂਡ ਦੇ ਨਜ਼ਦੀਕ ਹੰਗਰੀ ਪੁਆਇੰਟ ਦੇ ਅੱਗੇ ਉਹੀ ਵਿਅਕਤੀ ਖੜ੍ਹਾ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਇਹ ਬੰਦੇ ਤੁਹਾਨੂੰ ਮਿਲਣਾ ਚਾਹੁੰਦੇ ਹਨ। 

ਜਿਸ ’ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਇਨ੍ਹਾਂ ਵਿਅਕਤੀਆਂ ਨੂੰ ਨਹੀਂ ਮਿਲਣਾ ਇਹ ਵਿਅਕਤੀ ਠੀਕ ਨਹੀਂ ਹਨ। ਇੰਨੇ ਨੂੰ ਉਸ ਵਿਅਕਤੀ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਆਪਣੀ ਐਕਟਿਵਾ ’ਤੇ ਬਿਠਾ ਕੇ ਰਾਧਾ ਸੁਆਮੀ ਡੇਰੇ ’ਤੇ ਛੱਡਦੇ। ਮੈਂ ਉਸਨੂੰ ਆਪਣੀ ਐਕਟਿਵਾ  ’ਤੇ ਬਿਠਾ ਕੇ ਰਾਧਾ ਸੁਆਮੀ ਡੇਰੇ ’ਤੇ ਛੱਡਣ ਚਲਾ ਗਿਆ। ਉਸ ਨੇ ਦੱਸਿਆ ਕਿ ਜਦੋਂ ਮੈਂ ਉਸ ਨੂੰ ਰਾਧਾ ਸੁਆਮੀ ਦੇ ਡੇਰੇ ਮੂਹਰੇ ਲਾਹਿਆ ਤਾਂ ਉਸਨੇ ਮੈਨੂੰ ਕਿਹਾ ਤੂੰ ਬਹੁਤ ਵਧੀਆ ਬੰਦਾ ਹੈਂ ਤੇ ਤੈਨੂੰ ਅਸੀਂ ਕੁਝ ਦੇਣਾ ਚਾਹੁੰਦੇ ਹਾਂ। ਇੰਨੇ ਨੂੰ ਉਸਨੇ ਇਕ ਰੁਮਾਲ ਕੱਢਿਆ ਅਤੇ ਕਿਹਾ ਤੇਰੀ ਜੇਬ ਵਿਚ ਜੋ ਕੁਝ ਵੀ ਹੈ, ਇਸ ਰੁਮਾਲ ’ਤੇ ਰੱਖ ਦੇਹ ਤੇ ਇਸ ਨੂੰ ਆਪਣੇ ਘਰ ਜਾ ਕੇ ਹੀ ਖੋਹਲੀਂ। 

ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕਹਿਣ ’ਤੇ ਮੇਰੀ ਜੇਬ ਵਿਚ ਪਏ 45 ਹਜ਼ਾਰ ਰੁਪਏ ਜੋ ਮੈਂ ਕਿਸੇ ਨੂੰ ਦੇਣ ਵਾਸਤੇ ਜਾ ਰਿਹਾ ਸੀ, ਉਹ ਕੱਢਕੇ ਉਸ ਦੇ ਰੁਮਾਲ ’ਤੇ ਰੱਖ ਦਿੱਤੇ। ਫਿਰ ਉਸਨੇ ਕਿਹਾ ਕਿ ਆਪਣੀਆਂ ਅੰਗੂਠੀਆਂ ਅਤੇ ਲਾਕੇਟ ਸਮੇਤ ਸੋਨੇ ਦੀ ਚੇਨ ਵੀ ਲਾਹ ਕੇ ਰੁਮਾਲ ’ਤੇ ਰੱਖ ਦੇਹ। ਉਸ ਨੇ ਸਾਰਾ ਸਾਮਾਨ ਰੁਮਾਲ ’ਤੇ ਰਖਵਾ ਕੇ ਮੈਨੂੰ ਧਾਰਮਿਕ ਗੱਲਾਂ ’ਚ ਉਲਝਾ ਲਿਆ ਅਤੇ ਰੁਮਾਲ ਨੂੰ ਬਦਲ ਕੇ ਮੇਰੀ ਐਕਟਿਵਾ ਦੀ ਡਿੱਗੀ ’ਚ ਰੱਖ ਦਿੱਤਾ ਅਤੇ  ਕਿਹਾ ਕਿ ਇਸ ਰੁਮਾਲ ਨੂੰ ਹੁਣ ਘਰ ਜਾ ਕੇ ਹੀ ਖੋਹਲੀਂ। 

ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਜਾ ਕੇ ਰੁਮਾਲ ਨੂੰ ਖੋਲ੍ਹਿਆ ਤਾਂ ਉਸ ਵਿਚ ਕੁਝ ਘਾਹ ਫੂਸ ਦੇ ਪੱਤੇ ਨਿਕਲੇ। ਜਿਸ ਨੂੰ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੀਆਂ ਸਾਰੀਆਂ ਤਸਵੀਰਾਂ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹਨ। ਫਿਲਹਾਲ ਲਖਵਿੰਦਰ ਸਿੰਘ ਵੱਲੋਂ ਇਸ ਵਾਰਦਾਤ ਸਬੰਧੀ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ  ਪੁਲਸ ਦਾ ਜੇਕਰ ਕੋਈ ਵੀ ਨਾਕਾ ਜਾ ਗਸ਼ਤ ਰਾਤ ਅਤੇ ਦਿਨ ਵੇਲੇ ਸੜਕ ਅਤੇ ਬਾਜ਼ਾਰਾਂ ਵਿਚ ਹੋਵੇ ਤਾਂ ਇਹੋ ਜਿਹੀਆਂ ਵਾਰਦਾਤਾਂ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਮੌਕੇ ’ਤੇ ਹੀ ਪੁਲਸ ਨੂੰ ਦੱਸ ਕੇ ਉਨ੍ਹਾਂ ਨੂੰ ਸ਼ਿਕੰਜੇ ਵਿਚ ਲਿਆ ਜਾ ਸਕਦਾ ਹੈ। 
 


author

Inder Prajapati

Content Editor

Related News