ਜਿਸ ਕੋਲ ਸਿੱਖਿਆ ਦਾ ਖਜ਼ਾਨਾ ਹੁੰਦਾ ਹੈ ਉਹ ਕਦੇ ਅਸਫਲ ਨਹੀਂ ਹੋ ਸਕਦਾ : ਸਰਕਾਰੀਆ

Sunday, Jun 10, 2018 - 06:32 AM (IST)

 ਅੰਮ੍ਰਿਤਸਰ/ਲੋਪੇਕੇ,  (ਵਾਲੀਆ/ਸਤਨਾਮ)-  ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲ੍ਹੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸੁਖਬਿੰਦਰ ਸਿੰਘ ਸਰਕਾਰੀਆ ਮਾਲ ਮੰਤਰੀ ਪੰਜਾਬ ਨੇ ਰੱਖਿਆ ਤੇ ਕਿਹਾ ਕਿ ਅਸੀਂ ਸਿੱਖਿਆ ਦੇ ਖੇਤਰ ਵਿਚ ਬਹੁਤ ਪਿੱਛੇ ਹਾਂ ਕਿਉਂਕਿ ਪਿਛਲੇ 10 ਸਾਲਾਂ ਦੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਦੇ ਖੇਤਰ ਵਿਚ ਕੋਈ ਪ੍ਰਗਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਸਾਡਾ ਅਸਲ ਖਜ਼ਨਾ ਹੈ, ਜਿਸ ਕੋਲ ਸਿੱਖਿਆ ਦਾ ਖਜ਼ਾਨਾ ਹੁੰਦਾ ਹੈ, ਉਹ ਕਦੇ ਵੀ ਅਸਫਲ ਨਹੀਂ ਹੋ ਸਕਦਾ। 
ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਕਲ ਦੀ ਪ੍ਰਥਾ ਬਹੁਤ ਮਾਡ਼ੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਮਤਿਹਾਨਾਂ ਵਿਚ ਨਕਲ ਦੀ ਬੁਰਾਈ ਨੂੰ ਰੋਕਣਾ ਚਾਹੀਦਾ ਹੈ। ਅਧਿਆਪਕਾਂ ਦੀ ਘਾਟ ਬਾਰੇ ਗੱਲ ਕਰਦਿਆਂ ਸਰਕਾਰੀਆ ਨੇ ਕਿਹਾ ਕਿ ਪਿੰਡਾਂ ਵਿਚ ਜਿਨ੍ਹਾਂ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਉਨ੍ਹਾਂ ਨੂੰ ਦੂਜੇ ਸਕੂਲਾਂ ਵਿਚ ਸ਼ਿਫਟ ਕੀਤਾ ਜਾਵੇਗਾ। ਇਸ ਖੇਤਰ ਵਿਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸਕੂਲ ਖੋਲ੍ਹਣਾ ਬਹੁਤ ਸ਼ਲਾਘਾਯੋਗ ਹੈ। ਇਨ੍ਹਾਂ ਦੇ ਇਸ ਉਦਮ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਮੁਹੱਈਆ ਹੋਵੇਗੀ। ਸਰਕਾਰੀਆ ਨੇ ਕਿਹਾ ਕਿ ਇਸ ਸਕੂਲ ਵਿੱਚ ਕਿੱਤਾਮੁਖੀ ਕੋਰਸ ਵੀ ਕਰਵਾਏ ਜਾਣਗੇ ਤਾਂ ਜੋ ਬੱਚੇ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
 ਮਾਲ ਮੰਤਰੀ ਨੇ ਕਿਹਾ ਕਿ ਜਲਦ ਹੀ ਚੋਗਾਵਾਂ ਵਿਖੇ ਲਡ਼ਕੀਆਂ ਦਾ ਸਰਕਾਰੀ ਕਾਲਜ ਖੋਲ੍ਹਿਆ ਜਾਵੇਗਾ। ਇਸ ਹਲਕੇ ਵਿਚ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। 
ਇਸ ਮੌਕੇ ਬੋਲਦਿਆਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਪ੍ਰਧਾਨ ਪ੍ਰੋ. ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦਾ ਨੀਂਹ ਪੱਥਰ ਸਰਕਾਰੀਆ ਵੱਲੋਂ ਰੱਖਿਆ ਗਿਆ ਹੈ। ਇਹ ਸੰਸਥਾ ਬੱਚਿਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਆਪਣਾ ਪਹਿਲਾ ਕਾਲਜ 1974 ਵਿਚ ਰਈਆ ਵਿਖੇ ਖੋਲ੍ਹਿਆ ਗਿਆ ਸੀ ਅਤੇ ਇਸ ਸੰਸਥਾ ਦੀਆਂ ਹੋਰ ਵੀ ਬ੍ਰਾਂਚਾਂ ਖੁੱਲ੍ਹ ਚੁੱਕੀਆਂ ਹਨ ਅਤੇ ਛੇਤੀ ਹੀ ਟਾਂਗਰਾ ਵਿਖੇ ਨਵਾਂ ਸਕੂਲ ਖੋਲ੍ਹਿਆ ਜਾਵੇਗਾ। ਸੇਖੋਂ ਨੇ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕੰਵਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ ਅਤੇ ਉਪ ਪ੍ਰਧਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਨੇ ਕਿਹਾ ਕਿ ਇਹ ਸਕੂਲ ਉਸ ਸ਼ਹੀਦ ਦੀ ਯਾਦ ’ਚ ਖੋਲ੍ਹਿਆ ਜਾ ਰਿਹਾ ਹੈ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਕੰਮ ਕੀਤਾ ਹੈ। ਇਸ ਮੌਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਐੱਸ. ਡੀ. ਐੱਮ. ਅਜਨਾਲਾ ਰਜਤ ਓਬਰਾਏ, ਦਿਲਰਾਜ ਸਿੰਘ ਸਰਕਾਰੀਆ, ਕਸ਼ਮੀਰ ਸਿੰਘ ਖਿਆਲਾ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਮੈਂਬਰ ਜੇ. ਐੱਸ. ਵਾਲੀਆ, ਸਤੀਸ਼ ਭੰਡਾਰੀ, ਗੁਰਦੇਵ ਸਿੰਘ ਸ਼ਹੂਰਾ, ਕਮਲ ਸਰਕਾਰੀਆ, ਪ੍ਰਿੰਸ ਸਰਕਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
 


Related News