ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ
Monday, Oct 07, 2024 - 01:01 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ): ਸਿਆਸਤ ’ਚ ਕੁਝ ਵੀ ਸੰਭਵ ਹੈ। ਇੱਥੇ ਕਦੋਂ ਕੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਗੁਆਂਢੀ ਸੂਬੇ ਹਰਿਆਣਾ ’ਚ ਜਿਸ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਖ਼ਿਲਾਫ਼ਤ ਕਰਕੇ ਅਸ਼ੋਕ ਤੰਵਰ ਨੇ ਕਾਂਗਰਸ ਛੱਡੀ ਸੀ, ਉਸੇ ਹੁੱਡਾ ਨੇ ਉਨ੍ਹਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਮੁੜ ਕਾਂਗਰਸ ’ਚ ਸ਼ਾਮਲ ਕੀਤਾ। ਇਸੇ ਤਰ੍ਹਾਂ ਦਾ ਵਾਕਿਆ ਹੁਣ ਪੰਜਾਬ ’ਚ ਵੀ ਵਾਪਰ ਸਕਦਾ ਹੈ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੋਂ ਨਾਰਾਜ਼ ਹੋ ਕੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਸੁਨੀਲ ਜਾਖੜ ਹੁਣ ਉਸੇ ਚੰਨੀ ਨਾਲ ਮੁਲਾਕਾਤ ਕਰ ਕੇ ਪਾਰਟੀ ’ਚ ਵਾਪਸੀ ਦੀ ਤਿਆਰੀ ਕਰ ਰਹੇ ਹਨ। ਹੁਣ ਉਹ ਰਵਨੀਤ ਸਿੰਘ ਬਿੱਟੂ ਦੇ ਭਾਜਪਾ ’ਚ ਵਧਦੇ ਕੱਦ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਲਈ ਤਿਆਰ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ Surprise ਦੇਣ ਆਏ ਮੁੰਡੇ ਦੀ ਪਤਨੀ ਮਾਰ ਰਹੀ ਸੀ ਆਸ਼ਕੀ! ਇਨ੍ਹਾਂ ਚੱਕਰਾਂ 'ਚ ਜਾਨ ਗੁਆ ਬੈਠਾ ਚਾਚਾ
ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ‘ਗ਼ੈਰ ਹਾਜ਼ਰੀ’ ’ਚ ਪੰਜਾਬ ਭਾਜਪਾ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਦੀ ਤਿਆਰੀ ਕਰ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੇ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਤੇ ਉਹ ਸੀਨੀਅਰ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਹਨ। ਕੁਝ ਦਿਨਾਂ ਤੋਂ ਉਨ੍ਹਾਂ ਦੇ ਅਸਤੀਫ਼ੇ ਦੀ ਚਰਚਾ ਵੀ ਗਾਹੇ-ਬਗਾਹੇ ਸੁਣਨ ਨੂੰ ਮਿਲ ਰਹੀ ਹੈ ਪਰ ਹਾਲੇ ਤੱਕ ਖ਼ੁਦ ਉਨ੍ਹਾਂ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਇਸ ਚੁੱਪੀ ਦੇ ਕਈ ਅਰਥ ਕੱਢੇ ਜਾ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਜਾਖੜ ਆਪਣੀ ਪੁਰਾਣੀ ਪਾਰਟੀ ਕਾਂਗਰਸ 'ਚ ਵਾਪਸ ਜਾਣ ਦੇ ਚਾਹਵਾਨ ਹਨ। ਪਤਾ ਲੱਗਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਪਰਕ ’ਚ ਹਨ। ਚੰਨੀ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਕਾਂਗਰਸ ’ਚ ਵਾਪਸੀ ਪਿੱਛੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਕੇਂਦਰੀ ਲੀਡਰਸ਼ਿਪ ਦੀ ਪੰਜਾਬ ’ਚ ਦਿਲਚਸਪੀ ਘੱਟ ਹੈ। ਦੂਜਾ ਇਹ ਕਿ ਕਾਂਗਰਸ ਤੋਂ ਭਾਜਪਾ 'ਚ ਆਏ ਸਾਰੇ ਨੇਤਾ ਵਾਪਸ ਆ ਗਏ ਹਨ। ਹਰਿਆਣਾ ’ਚ ਅਸ਼ੋਕ ਤੰਵਰ ਦੀ ਪਾਰਟੀ ’ਚ ਵਾਪਸੀ ਨਾਲ ਕਾਂਗਰਸ ਕਾਫ਼ੀ ਉਤਸ਼ਾਹਿਤ ਹੈ। ਤੰਵਰ ਦੀ ਵਾਪਸੀ ਤੋਂ ਬਾਅਦ ਹੁਣ ਇਹ ਚਰਚਾ ਹੋ ਰਹੀ ਹੈ ਕਿ ਭਾਜਪਾ ਨੂੰ ਪੰਜਾਬ 'ਚ ਵੀ ਝਟਕਾ ਲੱਗ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ਜੋੜਾ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ
ਨਵੇਂ ਪ੍ਰਧਾਨ ਬਣਨ ਲਈ ਲਾਬਿੰਗ ਸ਼ੁਰੂ
ਦੂਜੇ ਪਾਸੇ ਭਾਜਪਾ ਦੇ ਨਵੇਂ ਪ੍ਰਧਾਨ ਬਣਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ’ਚੋਂ ਸਭ ਦੇ ਅੱਗੇ ਸੀਨੀਅਰ ਨੇਤਾ ਤਰੁਣ ਚੁੱਘ ਦਾ ਨਾਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ’ਚ ਆਏ ਸਾਬਕਾ ਕਾਂਗਰਸੀਆਂ ਨੇ ਵੀ ਲਾਬਿੰਗ ਕਰਨੀ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ’ਚੋਂ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਗੁਰੂਹਰਸਹਾਏ ਤੋਂ ਸਾਬਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਰਗਰਮ ਹੋ ਗਏ ਹਨ ਪਰ ਪਾਰਟੀ ਦੀ ਅੰਦਰੂਨੀ ਧੜੇਬੰਦੀ ਹੋਣ ਕਰਕੇ ਪਾਰਟੀ ਲਈ ਵੱਡੀ ਸਮੱਸਿਆ ਹੋ ਸਕਦੀ ਹੈ। ਬੇਸ਼ੱਕ ਪੰਜਾਬ ਭਾਜਪਾ ਨੇ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਦਾ ਦਾਅਵਾ ਠੋਕਿਆ ਹੈ ਪਰ ਕੀ ਅੰਦਰੂਨੀ ਕਾਟੋ ਕਲੇਸ਼ ਕਾਰਨ ਭਾਜਪਾ ਇੱਥੇ ਜਿੱਤ ਹਾਸਲ ਕਰ ਸਕੇਗੀ, ਇਹ ਵੱਡਾ ਸਵਾਲ ਬਣਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - 2 ਕਰੋੜ ਦੀ ਬੋਲੀ ਵਾਲੇ ਪਿੰਡ 'ਚ ਫ਼ਾਇਰਿੰਗ! ਤਾੜ-ਤਾੜ ਚੱਲੀਆਂ ਗੋਲ਼ੀਆਂ
ਪੁਰਾਣੇ ਆਗੂ ਨਹੀਂ ਸਨ ਖ਼ੁਸ਼
ਜਾਣਕਾਰੀ ਮੁਤਾਬਕ ਪੁਰਾਣੇ ਭਾਜਪਾਈ ਨੇਤਾ ਸੁਨੀਲ ਜਾਖੜ ਦੇ ਸੂਬਾ ਪ੍ਰਧਾਨ ਬਣਨ ’ਤੇ ਜ਼ਿਆਦਾ ਖ਼ੁਸ਼ ਨਹੀਂ ਸਨ ਕਿਉਂਕਿ ਉਨ੍ਹਾਂ ਨੇਤਾਵਾਂ ਦਾ ਮੰਨਣਾ ਸੀ ਕਿ ਜਿਨਾਂ ਨੇ ਭਾਜਪਾ ਲਈ ਦਿਨ-ਰਾਤ ਕਰ ਦਿੱਤੀ, ਉਨ੍ਹਾਂ ’ਚੋਂ ਹੀ ਪ੍ਰਧਾਨ ਬਣਨਾ ਚਾਹੀਦਾ ਹੈ ਕਿਉਂਕਿ ਸੁਨੀਲ ਜਾਖੜ ਨੂੰ ਭਾਜਪਾ ’ਚ ਕੁਝ ਹੀ ਸਮਾਂ ਹੋਇਆ ਹੈ । ਇਹੀ ਕਾਰਨ ਹੈ ਕਿ ਉਹ ਸਾਹਮਣੇ ਤਾਂ ਕੁਝ ਨਹੀਂ ਸਨ ਬੋਲ ਸਕਦੇ ਪਰ ਅੰਦਰਖਾਤੇ ਇਹ ਗੱਲਾਂ ਆਮ ਚੱਲਦੀਆਂ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਜਿਨ੍ਹਾਂ ਨੇਤਾਵਾਂ ਦੀਆਂ ਡਿਊਟੀਆਂ ਲਾਈਆਂ, ਉਨ੍ਹਾਂ ਲਈ ਸੁਨੀਲ ਜਾਖੜ ਤੋਂ ਕੋਈ ਵੀ ਸਲਾਹ ਨਹੀਂ ਲਈ ਗਈ। ਜਾਖੜ ਨੇ ਕਿਸੇ ਨਾ ਕਿਸੇ ਬਹਾਨੇ ਪਾਰਟੀ ਦੀਆਂ ਕਈ ਮੀਟਿੰਗਾਂ 'ਚ ਸ਼ਿਰਕਤ ਨਹੀਂ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਹਾਲ ਹੀ ’ਚ ਉਨ੍ਹਾਂ ਨੇ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੰਨਿਆ ਜਾ ਰਿਹਾ ਹੈ ਕਿ ਉਹ ਹਾਰਨ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਦੇ ਵਧਦੇ ਕੱਦ ਤੋਂ ਨਾਖ਼ੁਸ਼ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8