ਗੁਰਦਾਸਪੁਰ 'ਚ ਤੇਜ਼ੀ ਨਾਲ ਫੈਲ ਰਹੀ ਇਹ ਬੀਮਾਰੀ, ਹਸਪਤਾਲਾਂ 'ਚ ਵੱਧੀ ਮਰੀਜ਼ਾਂ ਦੀ ਗਿਣਤੀ

Tuesday, Oct 14, 2025 - 06:01 PM (IST)

ਗੁਰਦਾਸਪੁਰ 'ਚ ਤੇਜ਼ੀ ਨਾਲ ਫੈਲ ਰਹੀ ਇਹ ਬੀਮਾਰੀ, ਹਸਪਤਾਲਾਂ 'ਚ ਵੱਧੀ ਮਰੀਜ਼ਾਂ ਦੀ ਗਿਣਤੀ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਕੀਤੀ ਵਿਆਪਕ ਲਹਿਰ ਦੇ ਬਾਵਜੂਦ ਵੀ ਜ਼ਿਲ੍ਹੇ ਅੰਦਰ ਡੇਂਗੂ ਦਾ ਡੰਗ ਹੁਣ ਤਿੱਖਾ ਹੁੰਦਾ ਜਾ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਬੇਸ਼ੱਕ ਜ਼ਿਲ੍ਹੇ ਅੰਦਰ ਹੁਣ ਤੱਕ 64 ਦੇ ਕਰੀਬ ਮਰੀਜ਼ਾਂ ਨੂੰ ਹੀ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਪਰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਅਨੁਸਾਰ ਹੋਣ ਤੱਕ ਜ਼ਿਲ੍ਹੇ ਅੰਦਰ ਸੈਂਕੜੇ ਲੋਕ ਡੇਂਗੂ ਦੀ ਮਾਰ ਵਿੱਚ ਆ ਚੁੱਕੇ ਹਨ। ਸਿਤਮ ਦੀ ਗੱਲ ਹੈ ਕਿ ਨਿਰੰਤਰ ਬਿਮਾਰ ਹੋ ਰਹੇ ਲੋਕ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾਉਣ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ ਜਿਸ ਕਾਰਨ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਵਿੱਚ ਸਭ ਤੋਂ ਜਿਆਦਾ ਗਿਣਤੀ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਹੀ ਦੱਸੀ ਜਾ ਰਹੀ ਹੈ। ਇਹਨਾਂ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨਿਰੰਤਰ ਸਰਕਾਰੀ ਹਸਪਤਾਲਾਂ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦੇ ਰਹੇ ਹਨ ਜਿਸ ਦੇ ਚਲਦਿਆਂ ਸਰਕਾਰੀ ਅੰਕੜਿਆਂ ਵਿੱਚ ਇਹਨਾਂ ਲੋਕਾਂ ਦੇ ਬਿਮਾਰ ਹੋਣ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਰਹੀ।

ਇਹ ਵੀ ਪੜ੍ਹੋ- ਵਪਾਰੀਆਂ ਦੇ ਚਿਹਰੇ 'ਤੇ ਆਈ ਰੌਣਕ, ਅਟਾਰੀ ਸਰਹੱਦ ’ਤੇ ਮੁੜ ਸ਼ੁਰੂ ਹੋਇਆ ਵਪਾਰ

ਦੂਜੇ ਪਾਸੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਨਿਰੰਤਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੋਟ ਸਪੋਟ ਇਲਾਕਿਆਂ ਵਿੱਚ ਫੋਗਿੰਗ ਕਰਵਾਉਣ ਦੇ ਇਲਾਵਾ ਹੋਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਕਾਹਨੂੰਵਾਨ ਅੰਦਰ ਸਿਹਤ ਵਿਭਾਗ ਨਾਲ ਸੰਬੰਧਿਤ ਦੋ ਮੁਲਾਜ਼ਮ ਵੀ ਡੇਂਗੂ ਤੋਂ ਪੀੜਤ ਪਾਏ ਗਏ ਹਨ। ਜਦੋਂ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅਜੇ ਤੱਕ ਕਿਸੇ ਦੀ ਹਾਲਤ ਚਿੰਤਾਜਨਕ ਨਹੀਂ ਹੈ ਅਤੇ ਜ਼ਿਲਾ ਪੱਧਰ ’ਤੇ ਸਰਕਾਰੀ ਰਿਕਾਰਡ ਵਿੱਚ ਸਿਹਤ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਨੂੰ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ ਤੋਂ ਆਇਆ ਸੀ ਵਾਪਸ

ਕਾਹਨੂੰਵਾਨ ਖੇਤਰ ਵਿੱਚ ਵਧੀ ਗਿਣਤੀ

ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਕਾਹਨੂੰਵਾਨ ਸਿਹਤ ਕੇਂਦਰ ਅਧੀਨ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧੀ ਹੈ। ਤਿੱਬੜ ਵਿਖੇ ਵੀ ਅੱਧੀ ਦਰਜਨ ਤੋਂ ਜਿਆਦਾ ਮਰੀਜ਼ ਡੇਂਗੂ ਤੋਂ ਪੀੜਤ ਪਾਏ ਗਏ ਹਨ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਡੇ ਪੱਧਰ ’ਤੇ ਐਕਸ਼ਨ ਕਰਦੇ ਹੋਏ ਫੋਗਿੰਗ ਕਰਵਾਈ ਹੈ ਅਤੇ ਨਾਲ ਹੀ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਢੰਗ ਤਰੀਕੇ ਵੀ ਦੱਸੇ ਹਨ। ਅੱਜ ਜਦੋਂ ਕਾਹਨੂੰਵਾਨ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਮਰੀਜ਼ ਵਾਰਡ ਵਿੱਚ ਲਗਭਗ ਅੱਧਾ ਦਰਜਨ ਡੇਂਗੂ ਮਰੀਜ਼ ਜੇਰੇ ਇਲਾਜ ਪਾਏ ਗਏ। ਹਸਪਤਾਲ ਦੇ ਮੁਲਾਜ਼ਮ ਰਾਜੂ ਨੇ ਦੱਸਿਆ ਕਿ ਉਹ ਖੁਦ ਵੀ ਡੇਂਗੂ ਨਾਲ ਪ੍ਰਭਾਵਿਤ ਹੈ ਅਤੇ ਆਪਣੇ ਹੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰ ਅਨਿਲ ਯਾਦਵ, ਜੋ ਮੰਡੀਆਂ ਵਿੱਚ ਮਜ਼ਦੂਰੀ ਕਰਦਾ ਹੈ, ਨੇ ਕਿਹਾ ਕਿ ਉਸ ਨੂੰ ਕੁਝ ਦਿਨਾਂ ਤੋਂ ਬੁਖਾਰ ਸੀ ਅਤੇ ਟੈਸਟ ਹੋਣ ‘ਤੇ ਡੇਂਗੂ ਦੀ ਪੁਸ਼ਟੀ ਹੋਈ। ਮੋਹਨੀ ਨਾਮਕ ਮਹਿਲਾ ਮਰੀਜ਼ ਨੇ ਦੱਸਿਆ ਕਿ ਡੇਂਗੂ ਕਾਰਨ ਉਸ ਨੂੰ ਬਹੁਤ ਕਮਜ਼ੋਰੀ ਅਤੇ ਸਰੀਰ ਦਰਦ ਮਹਿਸੂਸ ਹੋ ਰਿਹਾ ਹੈ। 108 ਐਂਬੂਲੈਂਸ ਡਰਾਈਵਰ ਸਤਨਾਮ ਸਿੰਘ ਅਤੇ ਕਾਹਨੂੰਵਾਨ ਦੇ ਨੌਜਵਾਨ ਗੁਰਦੇਵ ਸਿੰਘ ਵੀ ਇਸ ਬਿਮਾਰੀ ਨਾਲ ਜੂਝ ਰਹੇ ਹਨ। ਗੁਰਦੇਵ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਾਫ਼ੀ ਤਕਲੀਫ ਵਿੱਚ ਹੈ ਜਿਸ ਕਰਕੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ- ਪੰਜਾਬ 'ਚ ਬੱਸ ਸਟੈਂਡ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਖ਼ਬਰ

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਕੀਤੀ ਅਪੀਲ

ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਮੱਛਰਾਂ ਤੋਂ ਬਚਾਅ ਲਈ ਮੋਸਕਿਟੋ ਰੈਪੈਲੈਂਟ ਤੇ ਮੱਛਰਦਾਨੀ ਦੀ ਵਰਤੋਂ ਕਰਨ ਅਤੇ ਜੇਕਰ ਬੁਖਾਰ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਅਧਿਕਾਰੀਆਂ ਨੇ ਇਸ ਗੱਲ ’ਤੇ ਜਿਆਦਾ ਜ਼ੋਰ ਦਿੱਤਾ ਹੈ ਕਿ ਲੋਕ ਇਸ ਗੱਲ ਦਾ ਧਿਆਨ ਜਰੂਰ ਰੱਖਣ ਕਿ ਉਹਨਾਂ ਦੇ ਘਰਾਂ ਦੇ ਆਲੇ ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਵੇ ਅਤੇ ਨਾ ਹੀ ਘਰਾਂ ਦੇ ਅੰਦਰ ਗਮਲਿਆਂ ਫਰਿਜਾਂ ਦੀਆਂ ਟਰੇਆਂ ਅਤੇ ਪਾਣੀ ਦੇ ਹੋਰ ਸੋਮਿਆਂ ਵਿੱਚ ਪਾਣੀ ਖੜਾ ਰਹੇ, ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਹਫਤੇ ’ਚ ਇੱਕ ਦਿਨ ਪਾਣੀ ਵਾਲੇ ਹਰੇਕ ਸੋਮੇ ਨੂੰ ਖਾਲੀ ਕਰਕੇ ਜ਼ਰੂਰ ਸੁਕਾ ਲਿਆ ਜਾਵੇ, ਤਾਂ ਜੋ ਡੇਂਗੂ ਦਾ ਲਾਰਵਾ ਨਸ਼ਟ ਹੋ ਜਾਵੇ।

ਇਹ ਵੀ ਪੜ੍ਹੋ-ਕਾਂਗਰਸ 'ਚ ਫਿਰ ਭੂਚਾਲ! ਡਾ. ਨਵਜੋਤ ਕੌਰ ਨੇ ਆਪਣੇ ਹੀ ਆਗੂ ਨੂੰ ਦੱਸਿਆ 'ਅਕਾਲੀ ਦਲ, ਮਜੀਠੀਆ ਟੀਮ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News