ਸੁਰੱਖਿਅਤ ਯਾਤਰਾ ਲਈ ਬਦਲੇਗਾ ਹਵਾਈ ਸਫਰ ਦਾ ਨਜ਼ਾਰਾ, ਜ਼ਰੂਰੀ ਹੋਵੇਗਾ ਇਹ ਸਰਟੀਫਿਕੇਟ
Tuesday, Apr 28, 2020 - 02:20 PM (IST)
ਨਵੀਂ ਦਿੱਲੀ - ਲਾਕਡਾਉਨ ਖਤਮ ਹੋਣ ਤੋਂ ਬਾਅਦ ਜਦੋਂ ਦੁਬਾਰਾ ਹਵਾਈ ਯਾਤਰਾ ਸ਼ੁਰੂ ਹੋਵੇਗੀ ਤਾਂ ਹਵਾਈ ਯਾਤਰੀਆਂ ਨੂੰ ਆਪਣੇ ਨਾਲ ਹੈਲਥ ਸਰਟੀਫਿਕੇਟ ਲੈ ਕੇ ਜਾਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਯਾਤਰਾ ਦੌਰਾਨ ਮਾਸਕ, ਦਸਤਾਨੇ ਅਤੇ ਡਿਸਪੋਜ਼ਏਬਲ ਕੈਪਸ ਵੀ ਪਹਿਨਣੇ ਪੈ ਸਕਦੇ ਹਨ ਅਤੇ ਇਸ ਦੇ ਨਾਲ ਹੀ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾਵੇਗਾ। ਸਰਕਾਰ ਨੇ ਇਕ ਤਕਨੀਕੀ ਕਮੇਟੀ ਬਣਾਈ ਹੈ, ਜਿਹੜੀ ਕਿ ਹਵਾਈ ਸੇਵਾਵਾਂ ਅਤੇ ਯਾਤਰੀਆਂ ਲਈ ਇਕ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਬਣਾ ਰਹੀ ਹੈ।
ਫਲਾਈਟ ਦੀ ਮਿਡਲ ਸੀਟ 'ਤੇ ਵੀ ਬੁਕਿੰਗ ਉਪਲਬਧ ਹੋਵੇਗੀ!
ਇਹ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਿਹੜੀਆਂ ਸਿਫਾਰਸ਼ਾਂ ਕਰੇਗੀ ਉਨ੍ਹਾਂ ਵਿਚ ਇਹ ਗੱਲ ਸ਼ਾਮਲ ਹੋਵੇਗੀ। ਕਮੇਟੀ ਫਲਾਈਟ ਵਿਚ ਮਿਡਲ ਸੀਟ 'ਤੇ ਉਡਾਣਾਂ ਦੀ ਬੁਕਿੰਗ ਦੀ ਆਗਿਆ ਵੀ ਦੇ ਸਕਦੀ ਹੈ, ਜਿਹੜੀ ਕਿ ਏਅਰਲਾਇੰਸ ਕੰਪਨੀਆਂ ਲਈ ਵੱਡੀ ਰਾਹਤ ਹੋਵੇਗੀ। ਲਾਕਡਾਉਨ ਲਾਗੂ ਹੋਣ ਤੋਂ ਪਹਿਲਾਂ, ਸਰਕਾਰ ਨੇ ਮਿਡਲ ਸੀਟ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ, ਜਿਸਦਾ ਕਿ ਸਾਰੀਆਂ ਏਅਰਲਾਇੰਸ ਕੰਪਨੀਆਂ ਨੇ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਆਮਦਨੀ 'ਤੇ ਬੁਰਾ ਅਸਰ ਪਵੇਗਾ।
ਇਸ ਖਬਰ ਨੂੰ ਵੀ ਪੜ੍ਹੋ - ਕਾਮਨ ਸਰਵਿਸ ਸੈਂਟਰ 'ਤੇ ਵੀ ਅਪਡੇਟ ਕਰਵਾ ਸਕਦੇ ਹੋ ਆਧਾਰ ਕਾਰਡ, UIDAI ਨੇ ਦਿੱਤੀ ਮਨਜ਼ੂਰੀ
ਰੋਕਥਾਮ ਉਪਾਵਾਂ 'ਤੇ ਸਰਕਾਰ ਕਰ ਰਹੀ ਫੋਕਸ
ਹਵਾਬਾਜ਼ੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਮੇਟੀ ਰਿਪੋਰਟ ਤਿਆਰ ਕਰ ਰਹੀ ਹੈ। ਇਸ ਕਮੇਟੀ ਵਿਚ ਹਵਾਈ ਅੱਡਿਆਂ, ਹਵਾਈ ਕੰਪਨੀਆਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਅਧਿਕਾਰੀ ਅਤੇ ਡਾਕਟਰ ਸ਼ਾਮਲ ਹਨ। ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਦੇ ਤਹਿਤ ਦੱਸਿਆ, 'ਸਮਾਜਕ ਦੂਰੀ ਦੇ ਤਹਿਤ 6 ਫੁੱਟ ਦੀ ਸਰੀਰਕ ਦੂਰੀ ਬਣਾਏ ਜਾਣ ਦਾ ਨਿਯਮ ਮਿਡਲ ਸੀਟ ਨੂੰ ਖਾਲੀ ਰੱਖ ਕੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਸੀਟ ਨੂੰ ਖਾਲੀ ਰੱਖਣ ਨਾਲ ਯਾਤਰੀਆਂ ਵਿਚਕਾਰ ਵੱਧ ਤੋਂ ਵੱਧ 2 ਫੁੱਟ ਦੀ ਦੂਰੀ ਹੀ ਆਵੇਗੀ। ਅਜਿਹੀ ਸਥਿਤੀ ਵਿਚ ਸਾਡਾ ਧਿਆਨ ਵਾਇਰਸ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਨ ਅਤੇ ਸਰਟੀਫਿਕੇਟ 'ਤੇ ਹੈ ਤਾਂ ਜੋ ਸੁਰੱਖਿਅਤ ਹਵਾਈ ਯਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਉਪਾਵਾਂ 'ਤੇ ਵਿਚਾਰ ਵਟਾਂਦਰੇ ਅਜੇ ਸ਼ੁਰੂਆਤੀ ਪੜਾਅ 'ਤੇ ਹੀ ਹਨ।
ਮਿਡਲ ਸੀਟ ਖਾਲੀ ਰੱਖਣ ਨਾਲ ਏਅਰਲਾਈਨ ਕੰਪਨੀਆਂ ਨੂੰ ਭਾਰੀ ਵਿੱਤੀ ਘਾਟਾ
ਏਅਰ ਲਾਈਨ ਕੰਪਨੀਆਂ ਨੇ ਮਿਡਲ ਸੀਟ ਨੂੰ ਖਾਲੀ ਰੱਖਣ ਦੇ ਭਾਰਤ ਸਰਕਾਰ ਦੇ ਆਦੇਸ਼ 'ਤੇ ਇਤਰਾਜ਼ ਜਤਾਇਆ ਸੀ। ਹਾਲਾਂਕਿ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਵਿਚ ਜਹਾਜ਼ਾਂ ਦੇ ਅੰਦਰ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ, ਏਅਰਲਾਇੰਸ ਕੰਪਨੀਆਂ ਮੱਧ ਸੀਟ ਖਾਲੀ ਰੱਖ ਕੇ ਉਡਾਣ ਭਰ ਰਹੀਆਂ ਹਨ। ਇਕ ਸੀਨੀਅਰ ਏਅਰਪੋਰਟ ਦੇ ਕਾਰਜਕਾਰੀ ਨੇ ਦੱਸਿਆ, 'ਸਮਾਜਕ ਦੂਰੀ ਦੇ ਨਿਯਮਾਂ ਦੇ ਤਹਿਤ ਸੁਰੱਖਿਅਤ ਉਡਾਣ ਉਹ ਹੋਵੇਗੀ ਜਿਹੜੀ 33% ਯਾਤਰੀ ਸਮਰੱਥਾ ਨਾਲ ਉਡਾਣ ਭਰੇਗੀ।ਦੂਜੇ ਪਾਸੇ ਮਿਡਲ ਸੀਟ ਨੂੰ ਖਾਲੀ ਰੱਖਣ ਦਾ ਸੁਝਾਅ ਏਅਰਲਾਈਨ ਕੰਪਨੀਆਂ ਲਈ ਸਹੀ ਨਹੀਂ ਹੈ ਅਤੇ ਇਹ ਉਨ੍ਹਾਂ 'ਤੇ ਬਹੁਤ ਵਿੱਤੀ ਦਬਾਅ ਪਾ ਸਕਦਾ ਹੈ।
ਏ.ਸੀ. ਤੋਂ ਕੋਰੋਨਾ ਫੈਲਣ ਦੀ ਕੋਈ ਸੰਭਾਵਨਾ ਨਹੀਂ
ਅਧਿਕਾਰੀ ਨੇ ਕਿਹਾ ਕਿ ਜਹਾਜ਼ ਵਿਚ ਸਮਾਜਕ ਦੂਰੀ ਦਾ ਪਾਲਣ ਕਰਨਾ ਇੰਨਾ ਅਸਾਨ ਨਹੀਂ ਹੈ।ਅਧਿਕਾਰੀ ਨੇ ਕਿਹਾ, 'ਮਾਹਰਾਂ ਨੇ ਏਅਰਕੰਡੀਸ਼ਨਰਾਂ ਰਾਹੀਂ ਹਵਾਈ ਜਹਾਜ਼ ਦੇ ਕੋਰੋਨਾਵਾਇਰਸ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਅਤੇ ਹਵਾਈ ਜਹਾਜ਼ ਵਾਇਰਸ ਨੂੰ ਫਿਲਟਰ ਕਰਨ ਲਈ ਕਾਫ਼ੀ ਸ਼ਕਤੀਸ਼ਾਲੀ ਹੈ।'
ਇਸ ਖਬਰ ਨੂੰ ਵੀ ਪੜ੍ਹੋ - ਇਹ ਸਰਕਾਰੀ ਬੈਂਕ ਦੇ ਰਿਹੈ ਸਪੈਸ਼ਲ ਕਰਜ਼ਾ, 6 ਮਹੀਨਿਆਂ ਤੱਕ ਨਹੀਂ ਦੇਣੀ ਹੋਵੇਗੀ ਕੋਈ ਕਿਸ਼ਤ