ਬਰੈਂਪਟਨ ਦੇ ਇਸ ਬਸ ਡਰਾਈਵਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ

06/19/2019 2:58:58 AM

ਬਰੈਂਪਟਨ - ਬਰੈਂਪਟਨ ਦਾ ਬਸ ਡਰਾਈਵਰ ਯਾਤਰੀਆਂ ਨਾਲ ਅੰਗ੍ਰੇਜ਼ੀ 'ਚ ਨਹੀਂ ਸਗੋਂ ਪੰਜਾਬੀ 'ਚ ਗੱਲਬਾਤ ਕਰਨ ਨੂੰ ਲੈ ਕੇ ਚਰਚਾ 'ਚ ਹੈ। ਮਾਈਕ ਲੈਂਡਰੀ ਨਾਂ ਇਕ ਵਿਅਕਤੀ ਜਿਹੜਾ ਕਿ ਬਰੈਂਪਟਨ ਟ੍ਰਾਂਸੀਟ ਸਿਸਟਮ 'ਚ ਪਿਛਲੇ 19 ਸਾਲਾਂ ਤੋਂ ਕੰਮ ਕਰ ਰਿਹਾ ਹੈ, ਅੱਜਕੱਲ ਕੈਨੇਡਾ ਦੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਲੈਂਡਰੀ ਨੇ ਇਥੇ ਇਕ ਸਥਾਨਕ ਚੈਨਲ ਨੂੰ ਇੰਟਰਵਿਊ ਦਿੰਦੇ ਆਖਿਆ, 'ਉਸ ਨੇ ਪੰਜਾਬੀ ਬੋਲਣੀ ਪਿਛਲੇ ਕੁਝ ਸਾਲਾਂ ਤੋਂ ਕਰਨੀ ਸ਼ੁਰੂ ਕੀਤੀ ਹੈ। ਉਸ ਦੀ ਪੰਜਾਬੀ ਬੋਲਣ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਪੰਜਾਬੀ ਨੌਜਵਾਨਾਂ ਦਾ ਇਕ ਗਰੁੱਪ ਬਸ 'ਚ ਸਫਰ ਕਰ ਰਿਹਾ ਸੀ, ਉਦੋਂ ਉਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੌਜਵਾਨਾਂ ਤੋਂ 'ਸਤਿ ਸ੍ਰੀ ਅਕਾਲ' ਕਹਿਣਾ ਸ਼ੁਰੂ ਕੀਤਾ, ਫਿਰ ਉਸ ਨੂੰ ਦਿਲਚਸਪੀ ਸੀ ਕਿ ਉਹ ਪੰਜਾਬੀ ਦੇ ਅੱਖਰ ਸਿੱਖੇ ਤਾਂ ਜੋਂ ਉਹ ਬਸ 'ਚ ਸਫਰ ਕਰ ਰਹੇ ਪੰਜਾਬੀ ਅਤੇ ਬਾਕੀ ਲੋਕਾਂ ਨਾਲ ਗੱਲਬਾਤ ਕਰ ਸਕੇ।'
ਲੈਂਡਰੀ ਨੇ ਦੱਸਿਆ ਕਿ ਉਸ ਨੂੰ ਪੰਜਾਬੀ ਸਿੱਖਣ ਦਾ ਇੰਨਾ ਚਾਅ ਸੀ ਕਿ ਉਹ ਪੰਜਾਬੀ ਕਿਤਾਬਾਂ ਪੜ੍ਹਣ ਅਤੇ ਨਵੇਂ-ਨਵੇਂ ਅੱਖਰ ਸਿੱਖਣ ਲਈ ਕਈ ਵਾਰ ਲਾਇਬ੍ਰੇਰੀ ਵੀ ਚੱਲਾ ਜਾਂਦਾ ਸੀ। ਕਈ ਵਾਰ ਤਾਂ ਮੈਂ ਸਫਰ ਕਰ ਰਹੇ ਪੰਜਾਬੀ ਲੋਕਾਂ ਨਾਲ ਪੰਜਾਬੀ 'ਚ ਹੀ ਗੱਲਬਾਤ ਕਰਦਾ ਸੀ। ਲੈਂਡਰੀ ਨੇ ਆਖਿਆ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੇ ਪੰਜਾਬੀ ਭਾਸ਼ਾ ਸਿੱਖੀ। ਉਸ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਹੋਰ ਭਾਸ਼ਾਵਾਂ 'ਚ ਸਿੱਖਣਾ ਹੈ ਜਿਹੜੀਆਂ ਕਿ ਬਰੈਂਪਟਨ 'ਚ ਆਮ ਹਨ ਤਾਂ ਜੋਂ ਉਸ ਨੂੰ ਬਸ 'ਚ ਸਫਰ ਕਰ ਰਹੇ ਲੋਕਾਂ ਨਾਲ ਗੱਲਬਾਤ ਕਰਨ 'ਚ ਕੋਈ ਮੁਸ਼ਕਿਲ ਨਾ ਆਵੇ।
ਲੈਂਡਰੀ ਨੇ ਦੱਸਿਆ ਕਿ ਪੰਜਾਬੀ ਸਿੱਖਣ ਦਾ ਉਸ ਦਾ ਚੰਗਾ ਪਲ ਉਦੋਂ ਸੀ ਜਦੋਂ ਉਹ ਕੈਨੇਡਾ 'ਚ ਆਏ ਨਵੇਂ ਪੰਜਾਬੀ ਲੋਕਾਂ ਨੂੰ ਮਿਲਦਾ, ਗੱਲਬਾਤ ਕਰਦਾ ਅਤੇ ਉਨ੍ਹਾਂ ਨੂੰ ਪੰਜਾਬੀ 'ਚ ਥਾਂਵਾਂ ਬਾਰੇ ਜਾਣਕਾਰੀ ਦਿੰਦਾ ਸੀ। ਆਖਿਰ 'ਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਭਾਸ਼ਾ ਸਿੱਖ ਕੇ ਹੀ ਮੈਂ ਇੰਨਾ ਮਸ਼ਹੂਰ ਹੋਇਆ ਹਾਂ।


Khushdeep Jassi

Content Editor

Related News