ਸਕੂਲਾਂ ਵਿਚ ਛੁੱਟੀਆਂ ਦੇ ਵਾਧੇ ਦੇ ਐਲਾਨ ਤੋਂ ਬਾਅਦ ਖੜ੍ਹੀ ਹੋਈ ਇਹ ਵੱਡੀ ਮੁਸੀਬਤ
Wednesday, Jan 01, 2025 - 06:33 PM (IST)
ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਵੱਲੋਂ 7 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦੇ ਫ਼ੈਸਲੇ ਨੇ ਸੂਬੇ ਦੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿੱਦਿਅਕ ਪ੍ਰੋਗਰਾਮ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰ ਦਿੱਤਾ ਹੈ, ਜਿੱਥੇ ਸਕੂਲ ਪ੍ਰਿੰਸੀਪਲਾਂ ਲਈ ਇਹ ਫ਼ੈਸਲਾ ਸਿਰਦਰਦੀ ਬਣ ਗਿਆ ਹੈ। ਹਾਲਾਂਕਿ ਸਰਕਾਰ ਨੇ ਸਰਦੀ ਦੇ ਵੱਧਦੇ ਪ੍ਰਕੋਪ ਕਾਰਨ ਇਹ ਕਦਮ ਚੁੱਕਿਆ ਹੈ ਪਰ ਇਹ ਫ਼ੈਸਲਾ ਸਕੂਲ ਪ੍ਰਬੰਧਕ, ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਲਈ ਨਵੀਆਂ ਚਣੌਤੀਆਂ ਲੈ ਕੇ ਆਇਆ ਹੈ। ਨਿੱਜੀ ਸਕੂਲਾਂ ਨੇ ਪਹਿਲਾਂ ਤੋਂ ਹੀ ਜਨਵਰੀ ਦੇ ਪਹਿਲੇ ਹਫ਼ਤੇ ’ਚ ਆਪਣੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਆਯੋਜਨ ਕਰਨਾ ਨਿਸ਼ਚਿਤ ਕੀਤਾ ਸੀ। ਜ਼ਿਆਦਾਤਰ ਸਕੂਲ 1 ਜਨਵਰੀ ਤੋਂ ਖੁੱਲ੍ਹਣ ਵਾਲੇ ਸਨ, ਜਦਕਿ ਕੁਝ ਨੇ 3 ਅਤੇ ਕਈ ਸੰਸਥਾਵਾਂ ਨੇ 6 ਜਨਵਰੀ ਨੂੰ ਵਿਦਿਆਰਥੀਆਂ ਨੂੰ ਬੁਲਾਉਣ ਦੀ ਯੋਜਨਾ ਬਣਾਈ ਸੀ। ਹੁਣ ਸਰਕਾਰ ਦੇ ਇਸ ਫ਼ੈਸਲੇ ਕਾਰਨ ਸਕੂਲਾਂ ਨੂੰ ਆਪਣੇ ਸਾਰੇ ਪ੍ਰੋਗਰਾਮਾਂ ’ਚ ਬਦਲਾਅ ਕਰਨਾ ਪਵੇਗਾ, ਜਿਹੜਾ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਲਈ ਕਠਿਨਾਈ/ਸਮੱਸਿਆ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਦੇ ਫ੍ਰੀ ਬੱਸ ਸਫਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਬਿਆਨ
ਵਿਦਿਆਰਥੀਆਂ ਦੀ ਸੁਰੱਖਿਆ ਬਨਾਮ ਅਕਾਦਮਿਕ ਦਬਾਅ
ਸਰਕਾਰ ਦਾ ਇਹ ਫ਼ੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ, ਕਿਉਂਕਿ ਸਰਦੀ ਕਾਰਨ ਛੋਟੇ ਬੱਚਿਆਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਸੀ ਪਰ ਇਸ ਅਚਾਨਕ ਫ਼ੈਸਲੇ ਨੇ ਸਕੂਲ ਪ੍ਰਬੰਧਨ ਨੂੰ ਉਲਝਣ ’ਚ ਪਾ ਦਿੱਤਾ ਹੈ। ਪ੍ਰਿੰਸੀਪਲਾਂ ਲਈ ਇਹ ਫੈਸਲਾ ਤਣਾਅ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਰਵਰੀ ’ਚ ਹੋਣ ਵਾਲੀ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰੀ-ਬੋਰਡ ਪ੍ਰੀਖਿਆਵਾਂ ਨੂੰ ਕਰਵਾਉਣ ਲਈ ਉਨ੍ਹਾਂ ਕੋਲ ਪਹਿਲਾਂ ਹੀ ਘੱਟ ਸਮਾਂ ਸੀ। ਹੁਣ, ਇਸ ਨਵੇ ਹਾਲਾਤ ’ਚ ਤਰੀਕ ਨੂੰ ਫਿਰ ਤੋਂ ਨਿਸ਼ਚਿਤ ਕਰਨਾ ਪਵੇਗਾ, ਜਿਸ ਨਾਲ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਵੀ ਅਸਰ ਪੈ ਸਕਦਾ ਹੈ। ਮਾਪਿਆਂ ’ਚ ਵੀ ਇਸ ਫੈਸਲੇ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕ੍ਰਿਆ ਹੈ। ਜਿੱਥੇ ਕੁਝ ਮਾਪੇ ਬੱਚਿਆਂ ਦੀ ਸੁਰੱਖਿਆ ਦੇ ਹਿੱਤ ’ਚ ਹਨ, ਉਥੇ ਕੁਝ ਦਾ ਅਜਿਹਾ ਮੰਨਣਾ ਹੈ ਕਿ ਲਗਾਤਾਰ ਪੜ੍ਹਾਈ ’ਚ ਰੁਕਾਵਟ ਪੈਣ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਨਵੇਂ ਸਾਲ ਮੌਕੇ ਪੰਜਾਬ ਸਰਕਾਰ ਦਾ ਤੋਹਫ਼ਾ
ਪ੍ਰੀ-ਬੋਰਡ ਪ੍ਰੀਖਿਆਵਾਂ ’ਤੇ ਅਸਰ
ਫਰਵਰੀ ’ਚ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰੀ-ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਕਈ ਸਕੂਲਾਂ ਨੇ ਇਸ ਦੀ ਡੇਟਸ਼ੀਟ ਤਿਆਰ ਕਰ ਲਈ ਸੀ ਅਤੇ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਹੁਣ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨਾ ਪਵੇਗਾ, ਜਿਸ ਨਾਲ ਨਾ ਸਿਰਫ਼ ਸਕੂਲ ਦਾ ਵਿੱਦਿਅਕ ਪ੍ਰੋਗਰਾਮ ਪ੍ਰਭਾਵਿਤ ਹੋਵੇਗਾ, ਸਗੋਂ ਵਿਦਿਆਰਥੀਆਂ ਦੀ ਤਿਆਰੀ ’ਤੇ ਵੀ ਨਾਕਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ : ਵੱਡਾ ਫ਼ੈਸਲਾ : ਪੰਜਾਬ 'ਚ ਨਵੇਂ ਵਿਆਹੇ ਜੋੜਿਆਂ ਨੂੰ ਮਿਲਣਗੇ 2.5 ਲੱਖ ਰੁਪਏ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e