ਘਰ ''ਚੋਂ ਸਵਾ ਲੱਖ ਦਾ ਸੋਨਾ ਚੋਰੀ

Thursday, Apr 05, 2018 - 01:56 AM (IST)

ਘਰ ''ਚੋਂ ਸਵਾ ਲੱਖ ਦਾ ਸੋਨਾ ਚੋਰੀ

ਤਰਨਤਾਰਨ,   (ਧਰਮ ਪੰਨੂੰ, ਰਾਜੂ)-  ਤਰਨਤਾਰਨ ਦੀ ਕਾਲੋਨੀ ਅਮਨਦੀਪ ਐਵੇਨਿਊ ਵਿਖੇ ਦਿਨ-ਦਿਹਾੜੇ ਚੋਰ ਬਾਹਰਲਾ ਗੇਟ ਟੱਪ ਕੇ ਕਮਰੇ 'ਚ ਅਲਮਾਰੀ, ਟਰੰਕ ਦੇ ਤਾਲੇ ਤੋੜ ਕੇ 58000 ਰੁਪਏ ਦੀ ਨਕਦੀ ਅਤੇ ਸਵਾ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਮੌਕੇ 'ਤੇ ਜਾ ਕੇ ਸ਼ਿਰਕਤ ਕੀਤੀ ਤਾਂ ਰਿਪੋਰਟ ਅਨੁਸਾਰ ਅਮਨਦੀਪ ਐਵੇਨਿਊ ਕਾਲੋਨੀ ਜੋ ਬੱਸ ਅੱਡਾ ਪੁਲਸ ਚੌਕੀ ਦੇ ਨੇੜੇ ਹੀ ਹੈ। ਜਸਵਿੰਦਰ ਸਿੰਘ ਜੇ. ਈ. ਬਿਜਲੀ ਬੋਰਡ ਦੇ ਘਰ ਇਹ ਚੋਰੀ 1 ਤੋਂ 2 ਵਜੇ ਦੇ ਕਰੀਬ ਦੁਪਹਿਰ ਸਮੇਂ ਹੋਈ। 
ਜੇ. ਈ. ਦੀ ਪਤਨੀ ਜੋ ਹਰਿਕ੍ਰਿਸ਼ਨ ਪਬਲਿਕ ਸਕੂਲ ਪੱਟੀ ਵਿਖੇ ਅਧਿਆਪਕ ਹੈ, ਜਦੋਂ ਉਹ 3 ਵਜੇ ਘਰ ਆਈ ਤਾਂ ਬਾਹਰਲਾ ਗੇਟ ਖੋਲ੍ਹ ਕੇ ਜਦ ਅੰਦਰ ਗਈ ਤਾਂ ਲਾਬੀ ਅਤੇ ਬੈੱਡਰੂਮ ਦੇ ਦਰਵਾਜ਼ੇ ਟੁੱਟੇ ਹੋਏ ਸਨ। ਅਲਮਾਰੀ ਅਤੇ ਟਰੰਕ ਦੇ ਤਾਲੇ ਤੋੜ ਕੇ ਚੋਰ 58000 ਰੁਪਏ ਅਤੇ 4 ਤੋਲੇ ਸੋਨੇ ਦੇ ਗਹਿਣੇ ਲੈ ਗਏ। ਹੋਰ ਸਾਮਾਨ ਦੀ ਵੀ ਵੱਡੇ ਪੱਧਰ 'ਤੇ ਫੋਲਾ ਫਾਲੀ ਕੀਤੀ ਹੋਈ ਸੀ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇਕ 21 ਕੁ ਸਾਲਾਂ ਦਾ ਸ਼ੱਕੀ ਮੁੰਡਾ ਜਸਵਿੰਦਰ ਸਿੰਘ ਦੇ ਗੇਟ ਸਾਹਮਣੇ ਮੋਬਾਇਲ 'ਚ ਰੁੱਝਿਆ 1 ਤੋਂ 2 ਵਜੇ ਤੱਕ ਵੇਖਿਆ ਗਿਆ ਸ਼ਾਇਦ ਉਹ ਬਾਹਰ ਨਿਗਰਾਨੀ ਕਰ ਰਿਹਾ ਸੀ। ਚੋਰੀ ਹੋਣ ਦੀ ਇਤਲਾਹ ਜਸਵਿੰਦਰ ਸਿੰਘ ਨੇ ਮੁਹੱਲੇ ਦੇ ਲੋਕਾਂ ਨਾਲ ਪੁਲਸ ਚੌਕੀ ਬੱਸ ਸਟੈਡ ਤਰਨਤਾਰਨ 3-40 ਵਜੇ ਪੁਲਸ ਨੂੰ ਦਿੱਤੀ ਤਾਂ ਅੱਗਿਓਂ ਜੁਆਬ ਮਿਲਿਆ ਕਿ ਐੱਫ. ਆਈ. ਆਰ. ਕਰਾਉਣ ਲਈ ਸਿਟੀ ਥਾਣੇ ਜਾ ਕੇ ਇਤਲਾਹ ਦਿਉ। ਕਰੀਬ 4 ਵਜੇ ਸਿਟੀ ਥਾਣਾ ਵਿਖੇ ਇਤਲਾਹ ਦਿੱਤੀ ਪਰ ਕੋਈ ਵੀ ਪੁਲਸ ਕਰਮਚਾਰੀ 7 ਵਜੇ ਤੱਕ ਮੌਕਾ ਵੇਖਣ ਲਈ ਨਹੀਂ ਪੁੱਜਾ ਅਤੇ ਨਾ ਹੀ ਐੱਫ. ਆਈ. ਆਰ. ਦਰਜ ਹੋਈ। ਮੁਹੱਲੇ ਦੇ ਲੋਕਾਂ ਦਾ ਪੁਲਸ ਦੇ ਮੌਕੇ 'ਤੇ ਨਾ ਪੁੱਜਣ 'ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕੀਤੀ ਕਿ ਐੱਫ. ਆਈ. ਆਰ. ਦਰਜ ਕਰ ਕੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਾਡੇ ਸਾਮਾਨ ਦੀ ਭਰਪਾਈ ਕੀਤੀ ਜਾਵੇ। ਫੋਕਲ ਪੁਆਇੰਟ ਅਤੇ ਅਮਨਦੀਪ ਐਵੇਨਿਊ ਦੇ ਲੋਕ ਪਹਿਲਾਂ ਹੀ ਵੱਡੀ ਦਹਿਸ਼ਤ ਵਿਚ ਹਨ ਕਿਉਂਕਿ ਇਸ ਚੋਰੀ ਤੋਂ ਪਹਿਲਾਂ ਅੱਧੀ ਦਰਜਨ ਚੋਰੀਆਂ ਪਿਛਲੇ 9 ਮਹੀਨਿਆਂ ਵਿਚ ਹੋਈਆਂ ਹਨ ਪਰ ਲੋਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।


Related News