ਅੱਧੀ ਰਾਤ ਨੂੰ ਚੋਰਾਂ ਨੇ ਫੈਕਟਰੀ ''ਤੇ ਬੋਲਿਆ ਧਾਵਾ, 23 ਲੱਖ ਕੀਤੇ ਚੋਰੀ
Tuesday, Dec 18, 2018 - 02:41 PM (IST)

ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਚੋਰਾਂ ਨੇ ਫ਼ਿਰੋਜ਼ਪੁਰ ਰੋਡ 'ਤੇ ਪੈਂਦੀ ਗੋਕਾ ਫੀਡ ਫੈਕਟਰੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 22,69500 ਰੁਪਏ ਦੇ ਕਰੀਬ ਵੱਡੀ ਰਕਮ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਗੁਰਰਾਜਵੰਤ ਸਿੰਘ ਸੋਢੀ ਪੁੱਤਰ ਸੁਰਿੰਦਰ ਸਿੰਘ ਸੋਢੀ ਵਾਸੀ ਮੋਗਾ ਨੇ ਦੱਸਿਆ ਕਿ 17 ਦਸੰਬਰ ਦੀ ਸਵੇਰੇ ਕਰੀਬ 5 ਵਜੇ ਚੋਰ ਬਾਥਰੂਮ ਦਾ ਰੌਸ਼ਨਦਾਨ ਤੋੜ ਕੇ ਫੈਕਟਰੀ ਦੇ ਦਫ਼ਤਰ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੇ ਦਫ਼ਤਰ ਦੇ ਕੈਸ਼ ਕਾਊਂਟਰ ਦਾ ਤਾਲਾ ਤੋੜਕੇ ਅੰਦਰ ਪਏ 22, 69500 ਰੁਪਏ 'ਤੇ ਹੱਥ ਸਾਫ਼ ਕੀਤਾ। ਫੈਕਟਰੀ ਅੰਦਰ ਲੱਗੇ ਸੀ.ਸੀ. ਟੀ. ਵੀ. ਕੈਮਰੇ ਦੀ ਫੁਟੇਜ ਮੁਤਾਬਕ ਇਸ ਘਟਨਾ ਨੂੰ 3 ਵਿਅਕਤੀਆਂ ਨੇ ਅੰਜਾਮ ਦਿੱਤਾ।
ਚੋਰੀ ਦੀ ਇਸ ਘਟਨਾ ਦੀ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ 'ਤੇ ਡੀ.ਐਸ.ਪੀ. ਫ਼ਿਰੋਜ਼ਪੁਰ ਦਿਹਾਤੀ ਲਖਵੀਰ ਸਿੰਘ, ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਅਭੀਨਵ ਚੌਹਾਨ ਆਦਿ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ। ਇਸ ਸਬੰਧ ਵਿਚ ਤਲਵੰਡੀ ਭਾਈ ਪੁਲਸ ਥਾਣੇ ਦੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।