ਕੋਠੀ ''ਚੋਂ 50 ਲੱਖ ਦੇ ਗਹਿਣਿਆਂ ਨਾਲ ਭਰੀ ਸੇਫ ਕੀਤੀ ਚੋਰੀ
Monday, Apr 23, 2018 - 08:15 AM (IST)
ਚੰਡੀਗੜ੍ਹ (ਸੁਸ਼ੀਲ) - ਰੀਅਲ ਅਸਟੇਟ ਕਾਰੋਬਾਰੀ ਦੀ ਸੈਕਟਰ-8 ਸਥਿਤ ਕੋਠੀ ਦੀ ਪਹਿਲੀ ਮੰਜ਼ਿਲ ਤੋਂ ਚੋਰ 50 ਲੱਖ ਦੇ ਗਹਿਣਿਆਂ ਨਾਲ ਭਰੀ ਸੇਫ ਚੋਰੀ ਕਰਕੇ ਲੈ ਗਏ। ਵਾਰਦਾਤ ਸਮੇਂ ਕੋਠੀ 'ਚ ਸੁੱਤੇ ਕਾਰੋਬਾਰੀ ਤੇ ਉਸਦੇ ਪਰਿਵਾਰ ਨੂੰ ਚੋਰਾਂ ਦੀ ਭਿਣਕ ਤਕ ਨਾ ਲੱਗੀ। ਐਤਵਾਰ ਸਵੇਰੇ ਸੇਫ ਗਾਇਬ ਵੇਖ ਕੇ ਦਮਨਪ੍ਰੀਤ ਸਿੰਘ ਸੇਖੋਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਤੇ ਡੀ. ਐੱਸ. ਪੀ. ਸੈਂਟਰਲ ਕ੍ਰਿਸ਼ਨ ਕੁਮਾਰ ਮੌਕੇ 'ਤੇ ਪੁੱਜੇ ਤੇ ਜਾਂਚ ਕੀਤੀ। ਕੋਠੀ ਦੇ ਬਾਹਰ ਪੁਲਸ ਖੜ੍ਹੀ ਵੇਖ ਕੇ ਕੋਠੀ ਨੰਬਰ 559 ਦੇ ਡਰਾਈਵਰ ਘਣਸ਼ਾਮ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਠੀ ਦੇ ਪਿੱਛੇ ਇਨਵਰਟਰ ਵਰਗੀ ਕੋਈ ਚੀਜ਼ ਪਈ ਹੋਈ ਹੈ। ਪੁਲਸ ਕੋਠੀ ਦੇ ਪਿੱਛੇ ਗਈ ਤਾਂ ਚੋਰੀ ਹੋਈ ਸੇਫ ਬਰਾਮਦ ਕਰਕੇ ਕਾਰੋਬਾਰੀ ਤੋਂ ਉਸਦੀ ਸ਼ਨਾਖਤ ਕਰਵਾਈ। ਚੋਰ ਸੇਫ ਨੂੰ ਖੋਲ ਨਹੀਂ ਸਕੇ। ਸਾਰੇ ਗਹਿਣੇ ਸੁਰੱਖਿਅਤ ਮਿਲੇ। ਕਾਰੋਬਾਰੀ ਸੇਖੋਂ ਦੀ ਸ਼ਿਕਾਇਤ 'ਤੇ ਪੁਲਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ।
ਨੇੜਲੀ ਕੋਠੀ ਦੇ ਡਰਾਈਵਰ ਨੇ ਪੁਲਸ ਨੂੰ ਦਿੱਤੀ ਸੇਫ ਬਾਰੇ ਜਾਣਕਾਰੀ
ਸੈਕਟਰ-8 ਸਥਿਤ ਕੋਠੀ ਨੰਬਰ 666 ਨਿਵਾਸੀ ਦਮਨਪ੍ਰੀਤ ਸਿੰਘ ਸੇਖੋਂ ਨੇ ਐਤਵਾਰ ਸਵੇਰੇ 10 ਵਜੇ ਪੁਲਸ ਕੰਟਰੋਲ ਰੂਮ 'ਚ 50 ਲੱਖ ਰੁਪਏ ਦੇ ਗਹਿਣਿਆਂ ਨਾਲ ਭਰੀ ਸੇਫ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ। ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਤੇ ਸੈਕਟਰ-3 ਥਾਣਾ ਇੰਚਾਰਜ ਮੌਕੇ 'ਤੇ ਪੁੱਜੇ। ਉਨ੍ਹਾਂ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਜਾ ਕੇ ਸੇਫ ਵਾਲੀ ਥਾਂ ਵੇਖ ਕੇ ਮੌਕੇ 'ਤੇ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ। ਟੀਮ ਨੇ ਚੋਰਾਂ ਦੇ ਫਿੰਗਰ ਪ੍ਰਿੰਟ ਹਾਸਲ ਕੀਤੇ। ਇੰਨੇ ਵਿਚ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਘਟਨਾ ਸਥਲ 'ਤੇ ਪਹੁੰਚੇ। ਉਨ੍ਹਾਂ ਮੁਢਲੀ ਜਾਂਚ 'ਚ ਪਾਇਆ ਕਿ ਚੋਰ ਕੋਠੀ ਦੇ ਪਿਛਲੇ ਰਸਤੇ ਰਾਹੀਂ ਅੰਦਰ ਆਏ ਸਨ ਤੇ ਉਸੇ ਰਸਤੇ ਵਾਪਸ ਗਏ। ਇੰਨੇ 'ਚ ਕੋਠੀ ਨੰਬਰ 559 ਵਿਚ ਤਾਇਨਾਤ ਡਰਾਈਵਰ ਘਣਸ਼ਾਮ ਪੁਲਸ ਕੋਲ ਆਇਆ ਤੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਦੇ ਪਿੱਛੇ ਕੋਈ ਇਨਵਟਰ ਵਰਗੀ ਚੀਜ਼ ਪਈ ਹੋਈ ਹੈ। ਪੁਲਸ ਘਣਸ਼ਾਮ ਨੂੰ ਲੈ ਕੇ ਕੋਠੀ ਦੇ ਪਿੱਛੇ ਗਈ ਤਾਂ ਉਥੋਂ ਕੋਠੀ 'ਚੋਂ ਚੋਰੀ ਹੋਈ ਸੇਫ ਬਰਾਮਦ ਹੋਈ। ਪੁਲਸ ਨੇ ਦਮਨਪ੍ਰੀਤ ਸਿੰਘ ਸੇਖੋਂ ਤੇ ਉਸਦੇ ਪਰਿਵਾਰ ਤੋਂ ਸੇਫ ਦੀ ਪਛਾਣ ਕਰਵਾਈ ਤਾਂ ਪਤਾ ਲੱਗਾ ਕਿ ਇਹ ਉਨ੍ਹਾਂ ਦੀ ਕੋਠੀ 'ਚੋਂ ਚੋਰੀ ਹੋਈ ਸੇਫ ਹੀ ਹੈ।
ਵਾਰਦਾਤ 'ਚ ਜਾਣਕਾਰ ਹਨ ਸ਼ਾਮਲ
ਚੋਰੀ 'ਚ ਕੋਈ ਜਾਣਕਾਰ ਹੀ ਸ਼ਾਮਲ ਹੈ। ਇਹ ਪੁਲਸ ਦੀ ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ। ਪੁਲਸ ਕੋਠੀ 'ਚ ਕੰਮ ਕਰਨ ਵਾਲੇ ਨੌਕਰਾਂ, ਸਕਿਓਰਿਟੀ ਗਾਰਡ ਤੇ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪਹਿਲੀ ਮੰਜ਼ਿਲ 'ਤੇ ਸੇਫ ਰੱਖੇ ਹੋਣ ਦੀ ਜਾਣਕਾਰੀ ਕਿਸੇ ਜਾਣਕਾਰ ਨੂੰ ਹੀ ਹੋ ਸਕਦੀ ਹੈ।
ਸੀ. ਸੀ. ਟੀ. ਵੀ. ਫੁਟੇਜ 'ਚ ਦਿਸੇ ਦੋ ਸ਼ੱਕੀ ਨੌਜਵਾਨ
50 ਲੱਖ ਦੇ ਗਹਿਣਿਆਂ ਨਾਲ ਭਰੀ ਸੇਫ ਨੂੰ ਚੋਰੀ ਕਰਨ ਤੋਂ ਬਾਅਦ ਆਖਿਰਕਾਰ ਚੋਰ ਉਸਨੂੰ ਕੋਠੀ ਦੇ ਪਿੱਛੇ ਸਰਵਿਸ ਲਾਈਨ 'ਚ ਕਿਉਂ ਛੱਡ ਗਏ, ਪੁਲਸ ਇਸ ਸਵਾਲ ਦਾ ਜਵਾਬ ਲੱਭ ਰਹੀ ਹੈ। ਚੋਰੀ ਕਰਨ ਵਾਲਿਆਂ ਨੂੰ ਕੋਠੀ ਅੰਦਰਲੀ ਪੂਰੀ ਜਾਣਕਾਰੀ ਸੀ। ਚੰਡੀਗੜ੍ਹ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ 'ਚ ਦੋ ਜਵਾਨ ਵਿਖਾਈ ਦਿੱਤੇ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
