ਮੋਟਰਸਾਈਕਲ ਖੋਹ ਕੇ ਫਰਾਰ ਹੋਣ ਵਾਲਾ ਗ੍ਰਿਫਤਾਰ
Saturday, Mar 17, 2018 - 08:02 AM (IST)
ਪਟਿਆਲਾ (ਬਲਜਿੰਦਰ) - ਦੋ ਦਿਨ ਪਹਿਲਾਂ ਕਮਾਨੀਦਾਰ ਚਾਕੂ ਦਿਖਾ ਕੇ ਮੋਟਰਸਾਈਕਲ ਖੋਹਣ ਵਾਲੇ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਦੀ ਅਗਵਾਈ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਡਾ. ਐੈੱਸ. ਭੂਪਤੀ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗਰਿੱਡ ਰੋਡ ਸਨੌਰ ਆਪਣੇ ਪਿੰਡੋਂ ਮੋਟਰਸਾਈਕਲ 'ਤੇ ਸਚਦੇਵਾ ਡਿਸਪੈਂਸਰੀ ਘਾਹ ਮੰਡੀ ਪਟਿਆਲਾ ਵਿਖੇ ਆ ਰਿਹਾ ਸੀ। ਜਦੋਂ ਉਹ ਪਾਰਕ ਕੋਲ ਪੁੱਜਾ ਤਾਂ ਕਰਨ ਪੁੱਤਰ ਸੁਨੀਲ ਕੁਮਾਰ ਵਾਸੀ ਢਕੋਦੀਆ ਮੁਹੱਲਾ (ਨਾਭਾ ਗੇਟ ਪਟਿਆਲਾ) ਇਕ ਕਮਾਨੀਦਾਰ ਚਾਕੂ ਦਿਖਾ ਕੇ ਉਸ ਨੂੰ ਡਰਾ ਕੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਪੁਲਸ ਨੇ ਇਸ ਮਾਮਲੇ ਵਿਚ ਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਸ ਨੇ ਕਰਨ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਵਾਰਦਾਤ ਵਿਚ ਵਰਤਿਆ ਗਿਆ ਕਮਾਨੀਦਾਰ ਚਾਕੂ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਕਰਨ ਖਿਲਾਫ ਪਹਿਲਾਂ ਵੀ ਥਾਣਾ ਕੋਤਵਾਲੀ ਪਟਿਆਲਾ ਅਤੇ ਥਾਣਾ ਸਿਵਲ ਲਾਈਨਜ਼ ਪਟਿਆਲਾ ਵਿਖੇ ਚੋਰੀ ਦੇ ਕੇਸ ਦਰਜ ਹਨ। ਉਸ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ ਜਾਵੇਗੀ।
