ਪੰਜਾਬ 'ਚ ਪੈਟ੍ਰੋਲ-ਡੀਜ਼ਲ ਮਹਿੰਗਾ ਹੋਣ ਮਗਰੋਂ DRY ਹੋਣ ਲੱਗੇ ਪੰਪ! 100 ਰੁਪਏ ਤੋਂ ਪਾਰ ਪਹੁੰਚੀਆਂ ਕੀਮਤਾਂ
Friday, May 15, 2026 - 11:56 AM (IST)
ਚੰਡੀਗੜ੍ਹ: ਪੰਜਾਬ ਵਿਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪੈਟ੍ਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੀਮਤਾਂ ਵਧਣ ਦੀ ਖ਼ਬਰ ਫੈਲਦਿਆਂ ਹੀ ਪੰਪਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਕਾਰਨ ਅੰਮ੍ਰਿਤਸਰ ਦੇ ਇਸਲਾਮਾਬਾਦ ਵਿਚ ਇਕ ਪੰਪ 'ਤੇ ਤੇਲ ਖ਼ਤਮ ਹੋ ਗਿਆ ਅਤੇ ਉਹ 'ਡਰਾਈ' (Dry) ਹੋ ਗਿਆ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿਚ ਪੈਟ੍ਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਜਲੰਧਰ ਵਿਚ ਪਹਿਲਾਂ ਤੇਲ ਦੀ ਕੀਮਤ 97.75 ਰੁਪਏ ਸੀ, ਜੋ ਹੁਣ 100.54 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 90.45 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸੇ ਤਰ੍ਹਾਂ ਲੁਧਿਆਣਾ ਵਿਚ ਪੈਟ੍ਰੋਲ 101 ਰੁਪਏ, ਪਠਾਨਕੋਟ ਵਿਚ 101.60 ਰੁਪਏ ਅਤੇ ਚੰਡੀਗੜ੍ਹ ਵਿਚ 97.44 ਰੁਪਏ ਹੋ ਗਿਆ ਹੈ। ਚੰਡੀਗੜ੍ਹ ਵਿਚ ਪੈਟ੍ਰੋਲ ਦੀ ਕੀਮਤ 94.30 ਤੋਂ ਵਧ ਕੇ 97.44 ਰੁਪਏ ਹੋ ਗਈ ਹੈ।
ਕਿਸਾਨਾਂ 'ਤੇ ਪਵੇਗਾ ਵੱਡਾ ਆਰਥਿਕ ਬੋਝ
ਡੀਜ਼ਲ ਮਹਿੰਗਾ ਹੋਣ ਦਾ ਸਭ ਤੋਂ ਮਾੜਾ ਅਸਰ ਪੰਜਾਬ ਦੀ ਕਿਸਾਨੀ 'ਤੇ ਦੇਖਣ ਨੂੰ ਮਿਲੇਗਾ। ਝੋਨੇ ਦੇ ਇਸ ਸੀਜ਼ਨ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਖੇਤੀਬਾੜੀ ਦੇ ਕੰਮ ਵਿਚ ਲਾਗਤ ਵੱਧ ਜਾਵੇਗੀ। ਕਿਸਾਨਾਂ ਨੂੰ ਟ੍ਰੈਕਟਰ ਅਤੇ ਪੰਪਿੰਗ ਸੈੱਟ ਚਲਾਉਣ ਲਈ ਜ਼ਿਆਦਾ ਪੈਸੇ ਖਰਚਣੇ ਪੈਣਗੇ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਾਲ-ਭਾੜਾ ਵਧਣ ਦਾ ਖਦਸ਼ਾ ਹੈ, ਜਿਸ ਨਾਲ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ, ਫਲ ਅਤੇ ਰਾਸ਼ਨ ਮਹਿੰਗੇ ਹੋ ਸਕਦੇ ਹਨ। ਇਸ ਤੋਂ ਇਲਾਵਾ ਬੱਸਾਂ, ਆਟੋ ਅਤੇ ਸਕੂਲ ਵੈਨਾਂ ਦੇ ਕਿਰਾਏ ਵਿਚ ਵੀ ਵਾਧਾ ਹੋ ਸਕਦਾ ਹੈ।
ਪੈਟ੍ਰੋਲ ਡੀਜ਼ਲ ਸੰਜਮ ਨਾਲ ਵਰਤਣ ਦੀ ਅਪੀਲ
ਲੁਧਿਆਣਾ ਪੈਟ੍ਰੋਲ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਪੈਟ੍ਰੋਲ ਡੀਜ਼ਲ ਦੀ ਵਰਤੋਂ ਸੰਜਮ ਨਾਲ ਕਰਨ ਦੀ ਅਪੀਲ ਕੀਤੀ। ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਤੇਲ ਦੀ ਵਰਤੋਂ ਸੰਜਮ ਨਾਲ ਕਰਨ ਦਾ ਸੁਝਾਅ ਦਿੱਤਾ ਹੈ।
