ਪੰਜਾਬ : ਨਸ਼ਾ ਮੁਕਤੀ ਕੇਂਦਰ ''ਚ 30 ਮਰੀਜ਼ ਗੇਟ ਦਾ ਤਾਲ਼ਾ ਤੋੜ ਕੇ ਫਰਾਰ

Thursday, May 21, 2026 - 04:35 PM (IST)

ਪੰਜਾਬ : ਨਸ਼ਾ ਮੁਕਤੀ ਕੇਂਦਰ ''ਚ 30 ਮਰੀਜ਼ ਗੇਟ ਦਾ ਤਾਲ਼ਾ ਤੋੜ ਕੇ ਫਰਾਰ

ਮੋਗਾ/ਕੋਟ ਈਸੇ ਖਾਂ (ਕਸ਼ਿਸ਼ ਸਿੰਗਲਾ) : ਇਥੋਂ ਦੇ ਪਿੰਡ ਜਨੇਰ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਤੋਂ ਬੁੱਧਵਾਰ ਸ਼ਾਮ ਨੂੰ ਇਲਾਜ ਅਧੀਨ ਲਗਭਗ 28 ਤੋਂ 30 ਮਰੀਜ਼ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਬਦਸਲੂਕੀ, ਧੱਕਾ-ਮੁੱਕੀ ਅਤੇ ਹਮਲਾ ਕਰਨ ਤੋਂ ਬਾਅਦ ਮੁੱਖ ਗੇਟ ਦਾ ਤਾਲਾ ਤੋੜ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਅਤੇ ਭਾਰੀ ਪੁਲਸ ਫ਼ੋਰਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਜਨੇਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਬੁੱਧਵਾਰ ਸ਼ਾਮ ਕਰੀਬ 7:30 ਵਜੇ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ। ਸੈਂਟਰ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਮਰੀਜ਼ਾਂ ਦੀ ਸਟਾਫ਼ ਨਾਲ ਤਿੱਖੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਇਹ ਬਹਿਸ ਇੰਨੀ ਵੱਧ ਗਈ ਕਿ ਨੌਜਵਾਨਾਂ ਨੇ ਸਟਾਫ਼ ਅਤੇ ਉੱਥੇ ਮੌਜੂਦ ਸੁਰੱਖਿਆ ਗਾਰਡਾਂ ‘ਤੇ ਹਮਲਾ ਕਰ ਦਿੱਤਾ। 

ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਮਰੀਜ਼ਾਂ ਨੇ ਉਨ੍ਹਾਂ ਨੂੰ ਪਿੱਛੇ ਧੱਕਦਿਆਂ ਹੋਇਆਂ ਮੁੱਖ ਗੇਟ ਦਾ ਤਾਲਾ ਤੋੜ ਦਿੱਤਾ ਅਤੇ ਬਾਹਰ ਵੱਲ ਭੱਜ ਨਿਕਲੇ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਮਰੀਜ਼ਾਂ ਨੂੰ ਮੌਕੇ ‘ਤੇ ਹੀ ਫੜ ਲਿਆ ਪਰ ਫਿਰ ਵੀ 28 ਤੋਂ 30 ਦੇ ਕਰੀਬ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਏ। ਦੱਸਿਆ ਜਾ ਰਹੀ ਹੈ ਕਿ ਇਸ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਕੁੱਲ 95 ਮਰੀਜ਼ ਇਲਾਜ ਕਰਵਾ ਰਹੇ ਸਨ। ਇਨ੍ਹਾਂ ਵਿਚੋਂ ਹੀ ਕਰੀਬ 30 ਨੌਜਵਾਨ ਮੌਕਾ ਪਾ ਕੇ ਫ਼ਰਾਰ ਹੋਣ ਵਿਚ ਕਾਮਯਾਬ ਰਹੇ, ਜਦੋਂ ਕਿ ਬਾਕੀ ਮਰੀਜ਼ ਕੇਂਦਰ ਦੇ ਅੰਦਰ ਹੀ ਮੌਜੂਦ ਹਨ। ਇਹ ਸਾਰੀ ਘਟਨਾ ਸੈਂਟਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News