ਲਾਡੋਵਾਲ ਟੋਲ ਪਲਾਜ਼ਾ ’ਤੇ 17 ਕੁਇੰਟਲ ਗਊ ਮਾਸ ਸਮੇਤ 2 ਮੁਲਜ਼ਮ ਗ੍ਰਿਫਤਾਰ

Saturday, May 16, 2026 - 11:07 AM (IST)

ਲਾਡੋਵਾਲ ਟੋਲ ਪਲਾਜ਼ਾ ’ਤੇ 17 ਕੁਇੰਟਲ ਗਊ ਮਾਸ ਸਮੇਤ 2 ਮੁਲਜ਼ਮ ਗ੍ਰਿਫਤਾਰ

ਲੁਧਿਆਣਾ (ਰਾਜ/ਅਨਿਲ)- ਗਊ ਰੱਖਿਆ ਦਲ ਦੀ ਟੀਮ ਨੇ ਥਾਣਾ ਲਾਡੋਵਾਲ ਅਧੀਨ ਪੈਂਦੇ ਨੈਸ਼ਨਲ ਹਾਈਵੇ ’ਤੇ ਸਥਿਤ ਟੋਲ ਪਲਾਜ਼ਾ ’ਤੇ ਇਕ ਮਹਿੰਦਰਾ ਜੀਪ ਨੂੰ ਕਾਬੂ ਕਰ ਕੇ ਉਸ ’ਚੋਂ 17 ਕੁਇੰਟਲ ਗਊ ਮਾਸ ਬਰਾਮਦ ਕੀਤਾ ਹੈ। ਪੁਲਸ ਨੇ ਇਸ ਮਾਮਲੇ ’ਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਲ ਅਤੇ ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਮੈਂਬਰ ਗੁਰਪ੍ਰੀਤ ਸਿੰਘ (ਪੁੱਤਰ ਅਵਤਾਰ ਸਿੰਘ, ਵਾਸੀ ਜਲਾਲਪੁਰ, ਪਟਿਆਲਾ) ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ। ਟੀਮ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਤੋਂ ਇਕ ਚਿੱਟੇ ਰੰਗ ਦੀ ਮਹਿੰਦਰਾ ਜੀਪ ’ਚ ਗਊ ਮਾਸ ਦਿੱਲੀ ਲਿਜਾਇਆ ਜਾ ਰਿਹਾ ਹੈ। ਜਦੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਸਬਜ਼ੀ ਦੇ ਖਾਲੀ ਕ੍ਰੇਟਾਂ ਦੇ ਹੇਠਾਂ ਪਲਾਸਟਿਕ ਦੇ ਲਿਫਾਫਿਆਂ ’ਚ ਲੁਕੋਇਆ ਹੋਇਆ ਗਊ ਮਾਸ ਬਰਾਮਦ ਹੋਇਆ।

ਪੁਲਸ ਨੇ ਮੌਕੇ ’ਤੇ ਜੀਪ ਸਵਾਰ ਡਰਾਈਵਰ ਵਿੱਕੀ ਕੁਮਾਰ (ਪੁੱਤਰ ਓਮ ਪ੍ਰਕਾਸ਼) ਅਤੇ ਹੁਸੈਨ (ਪੁੱਤਰ ਮੁਨਫੈਦ), ਦੋਵੇਂ ਵਾਸੀ ਸਹਾਰਨਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਜੀਪ ਜ਼ਬਤ ਕਰ ਕੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਅੰਮ੍ਰਿਤਸਰ ਦੇ ਪਿੰਡ ਤੋਂ ਦਿੱਲੀ ਲੈ ਕੇ ਜਾ ਰਹੇ ਸਨ ਗਊ ਮਾਸ

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਇਹ ਮਾਸ ਅੰਮ੍ਰਿਤਸਰ ਦੇ ਨੇੜਲੇ ਇਕ ਪਿੰਡ ਤੋਂ ਲੈ ਕੇ ਦਿੱਲੀ ਜਾ ਰਹੇ ਸਨ। ਪੁਲਸ ਨੇ ਡਾਕਟਰਾਂ ਦੀ ਟੀਮ ਰਾਹੀਂ ਮਾਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਇਸ ਨੂੰ ਨਸ਼ਟ ਕੀਤਾ ਜਾਵੇਗਾ। ਜਾਂਚ ਅਧਿਕਾਰੀ ਅਨੁਸਾਰ ਰਿਮਾਂਡ ਦੌਰਾਨ ਇਸ ਗੱਲ ਦਾ ਪਤਾ ਲਾਇਆ ਜਾਵੇਗਾ ਕਿ ਇਸ ਸਮੱਗਲਿੰਗ ਪਿੱਛੇ ਹੋਰ ਕਿਹੜੇ ਲੋਕ ਸ਼ਾਮਲ ਹਨ। ਆਉਣ ਵਾਲੇ ਦਿਨਾਂ ’ਚ ਇਸ ਰੈਕੇਟ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਜਾ ਸਕਦਾ ਹੈ।


author

Anmol Tagra

Content Editor

Related News