ਨਹੀਂ ਗਿਣੀਆਂ ਜਾਣਗੀਆਂ EVM ''ਚ ਪਈਆਂ ਇਹ ਵੋਟਾਂ, ਭਲਕੇ 8 ਵਜੇ ਸ਼ੁਰੂ ਹੋਵੇਗੀ ਗਿਣਤੀ

Friday, Nov 22, 2024 - 07:15 PM (IST)

ਨਹੀਂ ਗਿਣੀਆਂ ਜਾਣਗੀਆਂ EVM ''ਚ ਪਈਆਂ ਇਹ ਵੋਟਾਂ, ਭਲਕੇ 8 ਵਜੇ ਸ਼ੁਰੂ ਹੋਵੇਗੀ ਗਿਣਤੀ

 ਵੈਬ ਡੈਸਕ - ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 20 ਨਵੰਬਰ ਨੂੰ ਪੋਲਿੰਗ ਹੋਈ ਹੈ। ਲੋਕਾਂ ਵਲੋਂ 4 ਸੀਟਾਂ ਬਰਨਾਲਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ EVM ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਗਿਆ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 23 ਨਵੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਪਰ ਕੀ ਤਹਾਨੂੰ ਪਤਾ ਹੈ ਕਿ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਜਾ ਰਹੀਆਂ EVM ਮਸ਼ੀਨਾਂ ਵਿੱਚ ਪਈਆਂ ਕੁਝ ਵੋਟਾਂ ਦੀ ਗਿਣਤੀ ਉਮੀਦਵਾਰਾਂ ਨੂੰ ਪਈਆਂ ਕੁਲ ਵੋਟਾਂ ਵਿੱਚੋਂ ਕੱਟ ਦਿੱਤੀ ਜਾਵੇਗੀ, ਨਹੀਂ ਨਾ... ਹੈਰਾਨ ਨਾ ਹੋਵੇ। ਅੱਜ ਅਸੀਂ ਤਹਾਨੂੰ ਦੱਸਾਂਗੇ ਕਿ ਚੋਣ ਕਮਿਸ਼ਨ ਵਲੋਂ ਇਹ ਪ੍ਰਕਿਰਿਆ ਕਿਉਂ ਕੀਤੀ ਜਾ ਰਹੀ ਹੈ। ਆਖਿਰ EVM ਦੀਆਂ ਕੁਝ ਵੋਟਾਂ ਦੀ ਗਿਣਤੀ ਟੋਟਲ ਵਿੱਚੋਂ ਕਿਉਂ ਘਟਾ ਦਿੱਤੀ ਜਾਵੇਗੀ। ਆਓ ਤਹਾਨੂੰ ਦੱਸਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ। 

ਦਰਅਸਲ ਇਹ ਵੋਟਾਂ ਦੀ ਗਿਣਤੀ ਸਿਰਫ ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਹੀ ਨਹੀਂ ਘਟਾਈ ਜਾ ਰਹੀ, ਇਹ ਇਕ ਚੋਣ ਪ੍ਰਕਿਰਿਆ ਹੈ, ਜਿਸ ਤਹਿਤ ਇਹ ਕੱਟ ਲਗਾਇਆ ਜਾਂਦਾ ਹੈ। ਇਸ ਦਾ ਜ਼ਿਕਰ ਫਿਰ ਰਿਕਾਰਡ ’ਚ ਵੀ ਕੀਤਾ ਜਾਂਦਾ ਹੈ। ਅਜਿਹਾ ਅੱਜ ਤੋਂ ਨਹੀਂ ਸਗੋਂ ਇਹ ਕੰਮ ਪਹਿਲੀ ਵਾਰ EVM 'ਤੇ ਵੋਟਾ ਪਾਉਣ ਦੇ ਕੰਮ ਨਾਲ ਹੀ ਸ਼ੁਰੂ ਹੋ ਗਿਆ ਸੀ। ਤੁਹਾਨੂੰ ਇਸ ਗੱਲ 'ਤੇ ਹੈਰਾਨੀ ਹੋਵੇਗੀ ਪਰ ਇਸ ਕੰਮ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਜੀ ਹਾਂ ਨਾ ਸਿਰਫ ਵੋਟਾ ਘਟਾਈਆਂ ਜਾਂਦੀਆਂ ਹਨ ਸਗੋਂ ਇਸ ਦਾ ਰਿਕਾਰਡ ਭਾਰਤੀ ਚੋਣ ਕਮਿਸ਼ਨ ਵਲੋਂ ਆਪਣੇ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਫਾਰਮ 17-ਸੀ ਵਿੱਚ ਇਸ ਲਈ ਇਕ ਬਕਾਇਦਾ ਕਾਲਮ ਬਣਾ ਕੇ ਰੱਖਿਆ ਜਾਂਦਾ ਹੈ। ਜਦੋਂ ਚੋਣਾਂ ਹੁੰਦੀਆਂ ਹਨ, ਤਾਂ ਹਰੇਕ ਬੂਥ 'ਤੇ ਮੌਜੂਦ ਵੋਟਰਾਂ ਦੀ ਗਿਣਤੀ ਦੇ ਮੁਤਾਬਕ EVM ਭਾਵ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 02-05 ਮਸ਼ੀਨਾਂ ਰਿਜ਼ਰਵ ਵਜੋਂ ਵੀ ਸੌਂਪੀਆਂ ਜਾਂਦੀਆਂ ਹਨ ਤਾਂ ਜੋ ਜੇਕਰ ਕਿਸੇ ਮਸ਼ੀਨ ਵਿੱਚ ਕੋਈ ਦਿੱਕਤ ਆ ਜਾਵੇ ਤਾਂ ਪੋਲਿੰਗ ਦਾ ਕੰਮ ਰੋਕੇ ਬਿਨਾਂ ਦੂਜੀ ਮਸ਼ੀਨ ਤੁਰੰਤ ਲਗਾ ਦਿੱਤੀ ਜਾਵੇ। 

ਇਕ EVM ’ਚ ਪੈਂਦੀਆਂ ਹਨ ਕਿੰਨੀਆਂ ਵੋਟਾਂ? 
ਇਕ EVM ਮਸ਼ੀਨ ’ਚ ਲਗਭਗ 2000 ਵੋਟਾਂ ਪਾਈਆਂ ਜਾ ਸਕਦੀਆਂ ਹਨ। ਜਦੋਂ ਇਸ ’ਚ ਇੰਨੀਆਂ ਵੋਟਾਂ ਪੈ ਜਾਂਦੀਆਂ ਹਨ ਤਾਂ ਮਸ਼ੀਨ ਇਕ ਵਿਸ਼ੇਸ਼ ਬੀਪ ਰਾਹੀਂ ਦੱਸਦੀ ਹੈ ਕਿ ਇਸ ’ਚ ਸਾਰੀਆਂ ਵੋਟਾਂ ਪੈ ਚੁੱਕੀਆਂ ਹਨ, ਹੁਣ ਇਸ ਨੂੰ ਬਦਲਣਾ ਪਵੇਗਾ। ਇਸੇ ਤਰ੍ਹਾਂ, ਵੋਟਿੰਗ ਹੋਣ ਤੋਂ ਪਹਿਲਾਂ ਵੀ,  EVM ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਨੈਟਵਰਕ ਨਾਲ ਜੋੜ ਦਿੱਤਾ ਜਾਂਦਾ ਹੈ। 

ਕਿਵੇਂ ਚਾਲੂ ਹੁੰਦੀਆਂ ਹਨ ਈਵੀਐਮ ਮਸ਼ੀਨਾਂ ? 
ਜਦੋਂ ਅਸੀਂ ਸਾਰੇ ਵੋਟ ਪਾਉਣ ਜਾਂਦੇ ਹਾਂ, ਤਾਂ ਮਸ਼ੀਨ ਉੱਤੇ ਬਟਨ ਦੱਬਦੇ ਸਾਰ ਸਾਨੂੰ ਆਪਣੀ ਵੋਟ ਦੀ ਜਾਣਕਾਰੀ VVPAT ਮਸ਼ੀਨ ਦੀ ਸਕਰੀਨ 'ਤੇ ਦਿਖਾਈ ਦਿੰਦੀ ਹੈ। ਕੀ ਤੁਸੀਂ ਕਦੀ ਇਸ ਚੀਜ਼ ਵੱਲ ਗੌਰ ਕੀਤਾ ਹੈ ਕਿ ਈਵੀਐਮ ਮਸ਼ੀਨਾਂ ਕਿਵੇਂ ਚਾਲੂ ਹੁੰਦੀਆਂ ਹਨ ਅਤੇ ਇਹ ਕਿਵੇਂ ਦੇਖਿਆ ਜਾਂਦਾ ਹੈ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ ਜਾਂ ਨਹੀਂ? ਜੋ ਅਸੀਂ ਤੁਹਾਨੂੰ ਉੱਪਰ ਦੱਸਿਆ ਹੈ ਉਸਦਾ ਜਵਾਬ ਇਸ ’ਚ ਲੁਕਿਆ ਹੈ।

ਕਿਵੇਂ ਹੁੰਦੀ ਹੈ EVM ਦੀ ਜਾਂਚ? 
ਅਸਲ ’ਚ ਜਦੋਂ ਵੀ ਵੋਟਿੰਗ ਲਈ ਨਵੀਂ EVM ਮਸ਼ੀਨ ਲਗਾਈ ਜਾਂਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਪਰਖਣ ਲਈ ਪੋਲਿੰਗ ਅਫ਼ਸਰ ਖ਼ੁਦ ਇਕ ਬਟਨ ਦਬਾ ਕੇ ਦੋ ਤੋਂ ਪੰਜ ਵੋਟਾਂ ਪਾਉਂਦਾ ਹੈ। ਇਹ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ 'ਤੇ ਹੋ ਸਕਦੀਆਂ ਹਨ। ਤਰੀਕਾ ਇਹ ਹੁੰਦਾ ਹੈ ਕਿ ਖੇਤਰ (ਹਲਕੇ) ’ਚ ਖੜ੍ਹੇ ਸਾਰੇ ਉਮੀਦਵਾਰਾਂ (ਜਿਨ੍ਹਾਂ ਦਾ ਨਾਮ EVM ਮਸ਼ੀਨ ਉੱਤੇ ਦਰਜ਼ ਹੈ) ਦੇ ਨਾਮ ਵਾਲੇ ਬਟਨ ਨੂੰ ਦਬਾ ਕੇ ਚੈੱਕ ਕੀਤਾ ਜਾਵੇ, ਭਾਵ ਕਿ ਵੋਟਿੰਗ ਮਸ਼ੀਨ ਨੂੰ ਚਾਲੂ ਕਰਨ ਦੀ ਪ੍ਰਕਿਰਿਆ ਦੌਰਾਨ ਇਨ੍ਹਾਂ ਸਾਰਿਆਂ ਦੇ ਨਾਂ 'ਤੇ ਵੋਟਾਂ ਪੋਲਿੰਗ ਤੋਂ ਪਹਿਲਾਂ ਹੀ ਪਾ ਕੇ ਵੇਖੀਆਂ ਜਾਂਦੀਆਂ ਹਨ। 

ਇਸ ਤਰ੍ਹਾਂ ਘਟਾਈਆਂ ਜਾਂਦੀਆਂ ਹਨ EVM ਦੀਆਂ ਵੋਟਾਂ
ਜੋ ਵੋਟਾਂ ਪੋਲਿੰਗ ਤੋਂ ਪਹਿਲਾਂ ਉਮੀਦਵਾਰਾਂ ਦੇ ਬਟਨ ਚੈੱਕ ਕਰਨ ਦੌਰਾਨ ਪਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਵੋਟਾਂ ਦੀ ਗਿਣਤੀ ਦੇ ਸਮੇਂ ਘਟਾ ਲਿਆ ਜਾਂਦਾ ਹੈ। ਪੋਲਿੰਗ ਤੋਂ ਪਹਿਲਾਂ ਪਾਈ ਗਈ ਇਕੱਲੀ ਇਕੱਲੀ ਵੋਟ ਦਾ ਹਿਸਾਬ ਰੱਖਿਆ ਜਾਂਦਾ ਹੈ ਤੇ ਇਹ ਹਿਸਾਬ ਚੋਣ ਕਮਿਸ਼ਨ ਦੇ ਦਸਤਾਵੇਜ਼ ਫਾਰਮ 17-ਸੀ 'ਤੇ ਨੋਟ ਕਰ ਲਿਆ ਜਾਂਦਾ ਹੈ। ਵੋਟਾਂ ਦੀ ਗਿਣਤੀ ਵੇਲੇ ਇਸ ਫਾਰਮ 'ਤੇ ਹਰ ਉਮੀਦਵਾਰ ਦੇ ਅੱਗੇ ਲਿਖੀਆਂ ਭਾਵ ਪਹਿਲਾਂ ਪੋਲ ਕੀਤੀਆਂ ਗਈਆਂ ਵੋਟਾਂ ਦੀ ਗਿਣਤੀ ਨੂੰ ਉਮੀਦਵਾਰ ਨੂੰ ਪੋਲ ਹੋਣ ਵਾਲੀਆਂ ਕੁੱਲ ਵੋਟਾਂ ਦੀ ਗਿਣਤੀ ਵਿੱਚੋਂ ਘਟਾ ਦਿੱਤਾ ਜਾਂਦਾ ਹੈ। ਜੇਕਰ ਪੋਲਿੰਗ ਦੌਰਾਨ ਕੋਈ ਨਵੀਂ ਮਸ਼ੀਨ ਲਗਾਉਣ ਦੀ ਲੋੜ ਪੈਂਦੀ ਹੈ ਤਾਂ ਫਿਰ ਤੋਂ ਪੂਰੀ ਪ੍ਰੀਕਿਰਿਆ ਦੋਹਰਾਈ ਜਾਂਦੀ ਹੈ, ਵੋਟਾਂ ਪਾ ਕੇ ਚੈੱਕ ਕੀਤਾ ਜਾਂਦਾ ਹੈ ਤੇ ਵੋਟਾਂ ਦੀ ਗਿਣਤੀ ਫਾਰਮ 17-ਸੀ 'ਤੇ ਦਰਜ਼ ਵੀ ਹੁੰਦੀ ਹੈ। ਇਸ ਪ੍ਰੀਕਿਰਿਆ ਨੂੰ 05-10 ਮਿੰਟ ਦਾ ਸਮਾਂ ਲੱਗ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਹਰ ਬੂਥ ਲਈ ਫਾਰਮ 17 ਸੀ ਜਾਰੀ ਕਰਦਾ ਹੈ, ਜਿਸ ’ਚ ਵੋਟਿੰਗ ਨਾਲ ਸਬੰਧਤ ਸਾਰੇ ਵੇਰਵੇ ਭਰਨੇ ਹੁੰਦੇ ਹਨ।


author

Sunaina

Content Editor

Related News