ਥਾਈਲੈਂਡ ਤੋਂ ਪਰਤੀ ਪੰਜਾਬੀ ਕੁੜੀ ਲਈ ਸੀ. ਐਮ. ਦੀ ਸਕਿਓਰਿਟੀ ''ਚ ਤਾਇਨਾਤ ਕਾਂਸਟੇਬਲ ਬਣਿਆ ''ਹੀਰੋ''

07/20/2017 9:27:45 PM

ਨਵਾਂਸ਼ਹਿਰ (ਤ੍ਰਿਪਾਠੀ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ 'ਚ ਤਾਇਨਾਤ ਪੰਜਾਬ ਪੁਲਸ ਦੇ ਕਾਂਸਟੇਬਲ ਨੇ ਥਾਈਲੈਂਡ ਤੋਂ ਵਾਪਸ ਆ ਰਹੀ ਲੜਕੀ ਦਾ ਬੈਗ, ਜਿਸ ਵਿਚ ਡਾਲਰ, ਗੋਲਡ ਰਿੰਗ ਅਤੇ ਹੋਰ ਕੀਮਤੀ ਸਾਮਾਨ ਸੀ, ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਬੰਗਾ ਦੇ ਪਿੰਡ ਮੱਲਾਬੇਦੀਆਂ ਵਾਸੀ ਨੀਲੂ ਪਾਲ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਹੁਣ ਆਪਣਾ ਖੁਦ ਦਾ ਬੁਟੀਕ ਚਲਾ ਰਹੀ ਹੈ। ਉਹ ਥਾਈਲੈਂਡ ਗਈ ਹੋਈ ਸੀ। ਉਥੋਂ ਵਾਪਸੀ 'ਤੇ ਨਵਾਂਸ਼ਹਿਰ ਆਉਣ ਲਈ ਉਸ ਨੇ ਬੀਤੇ ਦਿਨ ਸ਼ਾਮ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਅੱਡਾ ਤੋਂ ਬੱਸ ਲਈ ਸੀ। ਬੱਸ ਵਿਚ ਭੀੜ ਹੋਣ ਕਰਕੇ ਉਸ ਨੂੰ ਰੋਪੜ ਨੇੜੇ ਆ ਕੇ ਪਤਾ ਲੱਗਾ ਕਿ ਉਸ ਦਾ ਬੈਗ ਉਥੇ ਨਹੀਂ ਹੈ। ਉਹ ਰੋਪੜ ਬੱਸ ਅੱਡੇ 'ਤੇ ਉਤਰ ਕੇ ਬੱਸ ਡਿੱਪੂ 'ਤੇ ਆਪਣੇ ਬੈਗ ਦੀ ਜਾਣਕਾਰੀ ਲੈਣ ਗਈ ਪਰ ਉਥੇ ਉਸ ਨੂੰ ਕੋਈ ਸਹਾਇਤਾ ਨਹੀਂ ਮਿਲੀ। ਉਸ ਨੇ ਦੱਸਿਆ ਕਿ ਉਸ ਦੇ ਸਾਰੇ ਪੈਸੇ ਉਸ ਦੇ ਬੈਗ 'ਚ ਪਏ ਸਨ ਅਤੇ ਉਸ ਕੋਲ ਆਣ-ਜਾਣ ਦਾ ਕਿਰਾਇਆ ਤੱਕ ਨਹੀਂ ਸੀ, ਜਦੋਂ ਉਹ ਇਹ ਮੰਨ ਚੁੱਕੀ ਸੀ ਕਿ ਉਸ ਦਾ ਸਾਮਾਨ ਵਾਪਸ ਮਿਲਣ ਵਾਲਾ ਨਹੀਂ ਹੈ ਤਾਂ ਉਸ ਦੇ ਫੋਨ 'ਤੇ ਇਕ ਨੌਜਵਾਨ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਉਸ ਦਾ ਬੈਗ ਉਸ ਨੂੰ ਲੱਭਿਆ ਹੈ ਤੇ ਉਸ ਕੋਲ ਸੁਰੱਖਿਅਤ ਹੈ।
ਨੀਲੂ ਪਾਲ ਨੇ ਦੱਸਿਆ ਕਿ ਰਾਤ ਹੋਣ ਕਾਰਨ ਉਸ ਨੇ ਦੂਜੇ ਦਿਨ ਸਵੇਰੇ ਬੈਗ ਵਾਪਸ ਕਰਨ ਦਾ ਭਰੋਸਾ ਦੇ ਕੇ ਦੂਜੇ ਦਿਨ ਬੈਗ ਵਾਪਸ ਕਰ ਦਿੱਤਾ। ਬੈਗ ਵਿਚ 1200 ਡਾਲਰ, 3 ਸੋਨੇ ਦੀਆਂ ਅੰਗੂਠੀਆਂ, ਆਈ-ਫੋਨ ਅਤੇ ਪਾਸਪੋਰਟ ਸੀ। ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਸੰਦੀਪ ਕੁਮਾਰ ਪੁੱਤਰ ਜਗਨਨਾਥ ਨੇ ਦੱਸਿਆ ਕਿ ਉਹ ਸੀ.ਐੱਮ. ਸਕਿਓਰਿਟੀ 'ਚ ਤਾਇਨਾਤ ਹੈ ਅਤੇ ਉਸ ਨੇ ਉਕਤ ਮਿਲੇ ਬੈਗ 'ਚੋਂ ਮਿਲੀ ਡਾਇਰੀ, ਜਿਸ ਵਿਚ ਫੋਨ ਨੰਬਰ ਅਤੇ ਨਾਮ ਲਿਖਿਆ ਸੀ, ਦੇ ਆਧਾਰ 'ਤੇ ਫੋਨ ਕਰ ਕੇ ਬੈਗ ਸਬੰਧੀ ਜਾਣਕਾਰੀ ਦਿੱਤੀ।


Related News