ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਦੇ ਟਾਇਰ ਚੋਰੀ

11/26/2020 6:33:49 PM

ਪਾਤੜਾਂ (ਚੋਪੜਾ, ਜ. ਬ.) : ਸ਼ਹਿਰ ’ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ, ਜਿਸ ਨੂੰ ਰੋਕਣ ਲਈ ਪੁਲਸ ਨਾਕਾਮ ਦਿਖਾਈ ਦੇ ਰਹੀ ਹੈ। ਲੰਘੀ ਰਾਤ ਚੋਰਾਂ ਨੇ ਸ਼ਹਿਰ ਦੇ ਸੰਗਰੂਰ ਰੋਡ ’ਤੇ ਇਕ ਟਾਇਰਾਂ ਦੇ ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਟਾਇਰ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਬਾਂਸਲ ਆਟੋਮੋਬਾਇਲ ਸ਼ੋਅਰੂਮ ਦੇ ਮਾਲਕ ਸੁਰਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣਾ ਸ਼ੋਅਰੂਮ ਬੰਦ ਕਰ ਕੇ ਲੰਘੀ ਰਾਤ ਚਲੇ ਗਏ।

ਜਦੋਂ ਸਵੇਰੇ ਆ ਕੇ ਦੇਖਿਆ ਤਾਂ ਸ਼ੋਅਰੂਮ ਦਾ ਮੇਨ ਸ਼ਟਰ ਟੁੱਟਿਆ ਹੋਇਆ ਸੀ। ਅੰਦਰੋਂ 150 ਦੇ ਕਰੀਬ ਛੋਟੇ-ਵੱਡੇ ਟਾਇਰ ਚੋਰੀ ਹੋ ਗਏ, ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਤੋਂ ਵੱਧ ਬਣਦੀ ਹੈ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ, ਜਿਨ੍ਹਾਂ ਟਾਇਰ ਚੋਰੀ ਕਰਨ ਤੋਂ ਬਾਅਦ ਨੇੜੇ ਇਕ ਹੋਰ ਦੁਕਾਨ ਦਾ ਸ਼ਟਰ ਤੋੜ ਕੇ ਵੱਡੇ ਪੱਧਰ ’ਤੇ ਬੈਟਰੇ ਤੇ ਬੈਟਰੀਆਂ ਵੀ ਚੋਰੀ ਕਰ ਲਈਆਂ। ਇਸ ਸਬੰਧੀ ਸ਼ਹਿਰੀ ਪੁਲਸ ਇੰਚਾਰਜ ਬੀਰਬਲ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਣ ਪੁਲਸ ਕੋਲ ਫੁਰਸਤ ਨਹੀਂ ਹੈ। ਪੁਲਸ ਨੇ ਸੁਰਿੰਦਰ ਕੁਮਾਰ ਪੁੱਤਰ ਤਰਸੇਮ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


Babita

Content Editor Babita