ਜ਼ੀਰਕਪੁਰ ''ਚ ਲੱਖਾਂ ਦੇ ਮਹਿੰਗੇ Cold Drinks, ਲੈਪਟਾਪ ਸਮੇਤ ਨਕਦੀ ਚੋਰੀ, ਪੁਲਸ ਨੇ ਸ਼ੁਰੂ ਕੀਤੀ ਜਾਂਚ
Friday, Mar 03, 2023 - 03:32 PM (IST)
ਜੀਰਕਪੁਰ (ਮੇਸ਼ੀ) : ਜ਼ੀਰਕਪੁਰ ਖੇਤਰ 'ਚ ਚੋਰੀਆਂ ਸਮੇਤ ਹੋਰ ਜ਼ੁਰਮ ਦੀਆਂ ਵਾਰਦਾਤਾਂ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਹਿਤ ਅੱਜ ਚੋਰੀ ਦੀ ਵਾਰਦਾਤ 'ਚ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਮਹਿੰਗੇ ਕੋਲਡ ਡਰਿੰਕਸ ਤੇ ਹੋਰ ਸਾਮਾਨ ਸਮੇਤ ਨਕਦੀ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਪੀੜਤ ਦੁਕਾਨਦਾਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਸਦੀ ਪਟਿਆਲਾ ਰੋਡ 'ਤੇ ਕੋਲਡ ਡਰਿੰਕਸ ਦੀ ਹੋਲਸੇਲਜ਼ ਦੀ ਦੁਕਾਨ ਹੈ। ਦੁਕਾਨ ਦੇ ਨਾਲ ਹੀ ਪੰਜਾਬ ਐਂਡ ਸਿੰਧ ਬੈਂਕ ਹੈ, ਜਿਸ ਦੇ ਪੀਅਨ ਨੇ ਕਰੀਬ ਸਵਾ ਅੱਠ ਸਵੇਰੇ ਕਾਲ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਖੁੱਲ੍ਹੀ ਪਈ ਹੈ ਪਰ ਕੋਈ ਵੀ ਪਰਿਵਾਰਕ ਮੈਂਬਰ ਨਜ਼ਰ ਨਹੀ ਆ ਰਿਹਾ।
ਜਦੋਂ ਉਹ ਕਾਲ ਸੁਣ ਕੇ ਦੁਕਾਨ 'ਤੇ ਪੁੱਜਿਆ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਸੀ ਤੇ ਤਾਲੇ ਵੀ ਗਾਇਬ ਸਨ ਅਤੇ ਕਾਫੀ ਕੋਲਡ ਡਰਿੰਕਸ ਦੀਆਂ ਪੇਟੀਆਂ ਅਤੇ ਹੋਰ ਸਮਾਨ ਗਾਇਬ ਸੀ। ਇਸ ਤੋਂ ਸਾਫ਼ ਹੋ ਗਿਆ ਕਿ ਚੋਰਾਂ ਨੇ ਵੱਖ-ਵੱਖ ਕਿਸਮਾਂ ਦੇ ਮਹਿੰਗੇ ਕੋਲਡ ਡਰਿੰਕਸ ਰੈੱਡ ਬੁੱਲ 65-70 ਪੇਟੀਆਂ ਕਰੀਬ 1 ਲੱਖ 60 ਹਜ਼ਾਰ, ਹੇਲੇਂਗ 50 ਹਜ਼ਾਰ, ਮੌਨਸਟਰ ਐਨਰਜ਼ੀ 8 ਹਜ਼ਾਰ ਤੋਂ ਇਲਾਵਾ ਇੱਕ ਲੈਪਟਾਪ 40 ਹਜ਼ਾਰ ਅਤੇ 5-7 ਹਜ਼ਾਰ ਨਕਦੀ ਆਦਿ ਸਾਮਾਨ ਦੀ ਚੋਰੀ ਕੀਤੀ ਹੈ।
ਦੁਕਾਨਦਾਰ ਨੇ ਅੱਗੇ ਦੱਸਿਆ ਕਿ ਉਸਦਾ ਕਰੀਬ 3 ਲੱਖ ਦਾ ਨੁਕਸਾਨ ਹੋਇਆ ਹੈ, ਜਿਸਦੀ ਸੂਚਨਾ ਤਰੁੰਤ 100 ਨੰਬਰ 'ਤੇ ਦਿੱਤੀ ਗਈ। ਜਦੋਂ ਜ਼ੀਰਕਪੁਰ ਦੇ ਐੱਸ. ਐੱਚ. ਓ. ਸਿਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆ ਨੂੰ ਖੰਗਾਲ ਕੇ ਮਾਮਲੇ ਦੀ ਜਾਂਚ-ਪੜਤਾਲ ਕਰਕੇ ਚੋਰਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਜਲਦੀ ਹੀ ਬਣਦੀ ਕਾਰਵਾਈ ਹੇਠ ਮਾਮਲਾ ਦਰਜ ਕੀਤਾ ਜਾਵੇਗਾ।