ਪ੍ਰਾਚੀਨ ਸ਼ਿਵ ਮੰਦਰ ’ਚੋਂ 3 ਕਿਲੋ ਵਜ਼ਨੀ ਤਾਂਬੇ ਦਾ ਨਾਗ ਦੇਵਤਾ ਚੋਰੀ, ਪਿੰਡ ਦਾ ਹੀ ਨੌਜਵਾਨ ਗ੍ਰਿਫ਼ਤਾਰ

Friday, Oct 30, 2026 - 06:20 PM (IST)

ਪ੍ਰਾਚੀਨ ਸ਼ਿਵ ਮੰਦਰ ’ਚੋਂ 3 ਕਿਲੋ ਵਜ਼ਨੀ ਤਾਂਬੇ ਦਾ ਨਾਗ ਦੇਵਤਾ ਚੋਰੀ, ਪਿੰਡ ਦਾ ਹੀ ਨੌਜਵਾਨ ਗ੍ਰਿਫ਼ਤਾਰ

ਲਾਲੜੂ(ਅਨਿਲ ਸ਼ਰਮਾ): ਪਿੰਡ ਹੰਡੇਸਰਾ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚੋਂ ਸ਼ਿਵਲਿੰਗ ’ਤੇ ਸਥਾਪਿਤ ਕਰੀਬ 3 ਕਿਲੋ ਵਜ਼ਨੀ ਤਾਂਬੇ ਦਾ ਨਾਗ ਦੇਵਤਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਚੋਰੀ ਦੀ ਵਾਰਦਾਤ ਕੈਦ ਹੋ ਗਈ ਸੀ।

ਸਵੇਰੇ ਪੂਜਾ-ਅਰਚਨਾ ਦੌਰਾਨ ਹੋਈ ਚੋਰੀ ਦਾ ਪਤਾ

ਮਾਮਲੇ ਦੇ ਸ਼ਿਕਾਇਤਕਰਤਾ ਰਣਵੀਰ ਸ਼ਰਮਾ ਪੁੱਤਰ ਹਰੀਪਾਲ ਸ਼ਰਮਾ ਵਾਸੀ ਪਿੰਡ ਹੰਡੇਸਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਸਲਿੰਦਰ ਸਿੰਘ ਅਤੇ ਮਨੋਜ ਕੁਮਾਰ ਨਾਲ ਮਿਲ ਕੇ ਪਿੰਡ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਦੇਖਭਾਲ ਕਰਦੇ ਹਨ। ਬੀਤੀ ਸਵੇਰ ਕਰੀਬ 5:30 ਵਜੇ ਜਦੋਂ ਉਹ ਮੰਦਰ ਵਿੱਚ ਸਫ਼ਾਈ ਅਤੇ ਪੂਜਾ-ਅਰਚਨਾ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਿਵਲਿੰਗ ’ਤੇ ਸਥਾਪਿਤ ਕਰੀਬ 3 ਕਿਲੋ ਵਜ਼ਨੀ ਤਾਂਬੇ ਦਾ ਨਾਗ ਦੇਵਤਾ ਗਾਇਬ ਸੀ।

ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਵਾਰਦਾਤ

ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਸਵੇਰੇ ਕਰੀਬ 4:20 ਵਜੇ ਇੱਕ ਨੌਜਵਾਨ ਮੰਦਰ ਵਿੱਚ ਦਾਖ਼ਲ ਹੋਇਆ ਅਤੇ ਤਾਂਬੇ ਦਾ ਨਾਗ ਦੇਵਤਾ ਚੋਰੀ ਕਰਕੇ ਲੈ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਪੁੱਛਗਿੱਛ ਅਤੇ ਜਾਂਚ ਕੀਤੀ ਗਈ, ਜਿਸ ਦੌਰਾਨ ਇਸ ਵਾਰਦਾਤ ਵਿੱਚ ਪਿੰਡ ਦੇ ਹੀ ਇੰਦਰਜੀਤ ਸਿੰਘ ਉਰਫ਼ ਟੀਰਾ ਦਾ ਨਾਮ ਸਾਹਮਣੇ ਆਇਆ।

ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਏਐੱਸਆਈ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਇੰਦਰਜੀਤ ਸਿੰਘ ਉਰਫ਼ ਟੀਰਾ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਹੰਡੇਸਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੰਦਰ ਵਿੱਚੋਂ ਨਾਗ ਦੇਵਤਾ ਚੋਰੀ ਹੋਣ ਦੀ ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।


author

Shivani Bassan

Content Editor

Related News