ਲੁਧਿਆਣਾ ''ਚ ਕਾਰੋਬਾਰੀ ਤੇ ਉਸ ਦੀ ਧੀ ''ਤੇ ਫ਼ਾਇਰਿੰਗ!
Thursday, Oct 29, 2026 - 02:13 PM (IST)
ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਐਲਡੀਕੋ ਅਸਟੇਟ ਚੌਕੀ ਦੇ ਇਲਾਕੇ ਵਿਚ ਬੀਤੀ ਰਾਤ ਰੇਤ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ 'ਤੇ ਅਣਪਛਾਤੇ ਮੁਲਜ਼ਮਾਂ ਵੱਲੋਂ ਜਾਨਲੇਵਾ ਹਮਲਾ ਕਰਦਿਆਂ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਫ਼ਾਇਰਿੰਗ ਦੌਰਾਨ ਕਾਰੋਬਾਰੀ ਜਸਪਾਲ ਸਿੰਘ ਤੇ ਉਸ ਦੀ ਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਜਸਪਾਲ ਸਿੰਘ ਆਪਣੀ ਧੀ ਪ੍ਰੀਆ ਦੇ ਨਾਲ ਆਪਣੀ ਭੈਣ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ ਤੇ ਸਵੇਰੇ ਕਰੀਬ 4 ਵਜੇ ਐਲਡੀਕੋ ਚੌਕੀ ਦੇ ਨੇੜੇ 3 ਅਣਪਛਾਤੇ ਮੁਲਜ਼ਮਾਂ ਨੇ ਉਸ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਹਮਲੇ ਵਿਚ ਜਸਪਾਲ ਸਿੰਘ ਤੇ ਉਸ ਦੀ ਧੀ ਪ੍ਰੀਆ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਮੁੰਡਿਆਂ ਨੇ 2 ਗੋਲ਼ੀਆਂ ਚਲਾਈਆਂ ਜਿਸ ਵਿਚੋਂ ਇਕ ਗੋਲ਼ੀ ਸਿੱਧੇ ਕਾਰ ਦੇ ਬੋਨਟ ਵਿਚ ਜਾ ਲੱਗੀ ਤੇ ਦੂਜੀ ਗੋਲ਼ੀ ਜਸਪਾਲ ਦੀ ਛਾਤੀ ਨੂੰ ਛੂਹੰਦੇ ਹੋਏ ਉਸ ਦੀ ਧੀ ਪ੍ਰੀਆ ਦੀ ਧੋਣ ਵਿਚ ਜਾ ਲੱਗੀ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਿਓ ਤੇ ਧੀ ਦਾ ਇਲਾਜ ਜਾਰੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
