3 ਕੁਇੰਟਲ ਗਾਂਜਾ ਅਤੇ ਬਲੈਰੋ ਪਿੱਕਅੱਪ ਗੱਡੀ ਸਮੇਤ 3 ਮੁਲਜ਼ਮ ਕਾਬੂ
Wednesday, Sep 23, 2026 - 08:31 PM (IST)
ਲੁਧਿਆਣਾ (ਰਾਜ): ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਸ ਵੱਲੋਂ 3 ਕੁਇੰਟਲ ਗਾਂਜਾ ਅਤੇ ਇਕ ਬਲੈਰੋ ਪਿੱਕਅੱਪ ਗੱਡੀ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇੰਸਪੈਕਟਰ/ਐੱਸ.ਐੱਚ.ਓ. ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਹੈਬੋਵਾਲ ਲੁਧਿਆਣਾ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਨੇੜੇ ਮੰਡ ਵਾਲੀ ਦਰਗਾਹ ਪਾਸ ਇਕ ਬਲੈਰੋ ਪਿੱਕਅੱਪ ਗੱਡੀ ਨੂੰ ਦੇਖਿਆ ਗਿਆ। ਗੱਡੀ ਦੇ ਪਿੱਛੇ ਪੇਂਟ ਨਾਲ ਬਲਿਊ ਡਾਟ ਡਲਿਵਰੀ ਲਿਖਿਆ ਹੋਇਆ ਸੀ। ਮੌਕੇ 'ਤੇ ਦੋ ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇਕ ਸੜਕ ਕਿਨਾਰੇ ਪਲਾਸਟਿਕ ਦਾ ਥੈਲਾ ਰੱਖ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ ਅਤੇ ਦੂਜਾ ਗੱਡੀ ਦੀ ਡਰਾਈਵਰ ਸੀਟ 'ਤੇ ਬੈਠਾ ਸੀ।
ਪੁਲਸ ਪਾਰਟੀ ਨੂੰ ਨੇੜੇ ਆਉਂਦਿਆਂ ਦੇਖ ਕੇ ਉਕਤ ਵਿਅਕਤੀਆਂ ਨੇ ਪਲਾਸਟਿਕ ਦਾ ਥੈਲਾ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਗੱਡੀ ਭਜਾ ਕੇ ਲੈ ਗਏ। ਪੁਲਸ ਪਾਰਟੀ ਵੱਲੋਂ ਥੈਲੇ ਵਿੱਚੋਂ ਡਿੱਗੇ ਪਦਾਰਥ ਦੀ ਜਾਂਚ ਕਰਨ 'ਤੇ ਉਸ ਵਿੱਚੋਂ 10 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸਬੰਧੀ ਮੁਕੱਦਮਾ ਨੰਬਰ 251 ਮਿਤੀ 23-09-2026, ਅਧੀਨ ਧਾਰਾ 20 ਐੱਨ.ਡੀ.ਪੀ.ਐੱਸ. ਐਕਟ, ਥਾਣਾ ਹੈਬੋਵਾਲ ਲੁਧਿਆਣਾ ਵਿਖੇ ਦਰਜ ਕੀਤਾ ਗਿਆ।
ਮੁਕੱਦਮੇ ਦੀ ਤਫਤੀਸ਼ ਦੌਰਾਨ ਪੁਲਿਸ ਵੱਲੋਂ ਦੋਸ਼ੀ ਪਰਵਿੰਦ ਕੁਮਾਰ, ਬਿਰੰਜਣ ਉਰਫ ਗੋਲੂ ਅਤੇ ਅਮਰਕਾਂਤ ਰਾਏ ਨੂੰ ਬਲੈਰੋ ਪਿੱਕਅੱਪ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ ਵਿਚੋਂ ਮੋਰਿਆ ਡੇਅਰੀ ਫਾਰਮ, ਡੇਅਰੀ ਕੰਪਲੈਕਸ ਲੁਧਿਆਣਾ ਤੋਂ 2 ਕੁਇੰਟਲ 90 ਕਿਲੋਗ੍ਰਾਮ ਗਾਂਜਾ ਹੋਰ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਪੁਲਸ ਵੱਲੋਂ ਕੁੱਲ 3 ਕੁਇੰਟਲ ਗਾਂਜਾ ਅਤੇ ਇਕ ਬਲੈਰੋ ਪਿੱਕਅੱਪ ਗੱਡੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
