ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ ਹੈਰਾਨ ਕਰਨ ਵਾਲੀ ਘਟਨਾ, ਮਾਮਲਾ ਜਾਣ ਉਡਣਗੇ ਹੋਸ਼
Tuesday, Sep 29, 2026 - 11:56 AM (IST)
ਲੁਧਿਆਣਾ (ਰਾਮ) : ਵਰਧਮਾਨ ਚੌਕ ਸਥਿਤ ਗਲਾਡਾ ਮੈਦਾਨ ਵਿਚ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧਿਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਹਨੂਮਾਨ ਕਥਾ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਔਰਤ ਗਿਰੋਹ ਦਾ ਮੋਤੀ ਨਗਰ ਪੁਲਸ ਨੇ ਪਰਫਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਕਰਦਿਆਂ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਔਰਤਾਂ ਧਾਰਮਿਕ ਸਮਾਗਮਾਂ ਵਿਚ ਭੀੜ ਦਾ ਫਾਇਦਾ ਉਠਾ ਕੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ਅਤੇ ਮੌਕਾ ਮਿਲਦੇ ਹੀ ਸੋਨੇ ਦੀ ਚੇਨ, ਪਰਸ, ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈਂਦੀਆਂ ਸਨ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ
ਥਾਣਾ ਮੋਤੀ ਨਗਰ ਦੇ ਐੱਸ.ਐੱਚ. ਓ. ਜਸਪਾਲ ਸਿੰਘ ਮੁਤਾਬਕ 26 ਸਤੰਬਰ ਨੂੰ ਏ. ਐੱਸ. ਆਈ. ਅਜੇ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਗਲਾਡਾ ਗਰਾਊਂਡ ਦੇ ਸਾਹਮਣੇ ਵਰਧਮਾਨ ਫੈਕਟਰੀ, ਚੰਡੀਗੜ੍ਹ ਰੋਡ ’ਤੇ ਚੱਲ ਰਹੇ ਧਾਰਮਿਕ ਸਮਾਗਮ ਵਿਚ ਔਰਤਾਂ ਦਾ ਇਕ ਗਿਰੋਹ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਕਾਰਵਾਈ ਸ਼ੁਰੂ ਕੀਤੀ। ਪੁਲਸ ਨੇ ਰਾਮ ਦਰਬਾਰ ਮੰਦਰ ਦੇ ਸਾਹਮਣੇ ਪਾਰਕ ਵਿਚ ਬੈਠੀਆਂ 4 ਸ਼ੱਕੀ ਔਰਤਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਪਛਾਣ ਸੀਮਾ ਪਤਨੀ ਗੋਵਿੰਦ, ਰੇਨੂ ਪਤਨੀ ਲਖਨ, ਕਿਰਨ ਦੇਵੀ ਪਤਨੀ ਮਨੋਜ ਰਵਿਦਾਸ ਅਤੇ ਕਵਿਤਾ ਪੁੱਤਰੀ ਮੁਰਾਰੀ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਲੈ ਕੇ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਦਾ ਵੱਡਾ ਬਿਆਨ
ਦਿੱਲੀ, ਉਨਾਵ ਅਤੇ ਕਾਨਪੁਰ ਨਾਲ ਜੁੜਿਆ ਹੈ ਮੁਲਜ਼ਮਾਂ ਦਾ ਟਿਕਾਣਾ
ਐੱਸ. ਐੱਚ. ਓ. ਜਸਪਾਲ ਸਿੰਘ ਮੁਤਾਬਕ ਸੀਮਾ ਅਤੇ ਰੇਨੂ ਫੂਲ ਮੰਡੀ ਥਾਣਾ ਕੋਤਵਾਲੀ, ਨਵੀਂ ਦਿੱਲੀ ਦੀ ਰਹਿਣ ਵਾਲੀ ਹੈ, ਜਦੋਂਕਿ ਕਿਰਣ ਦੇਵੀ ਪਿੰਡ ਯਮੁਨਾਪੁਰ, ਜ਼ਿਲਾ ਉਨਾਵ, ਉੱਤਰ ਪ੍ਰਦੇਸ਼ ਅਤੇ ਕਵਿਤਾ ਕਸਾਈ ਮੁਹੱਲਾ, ਕਾਨਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਦੱਸੀ ਗਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੋਤੀ ਨਗਰ ਥਾਣਾ ਪੁਲਸ ਨੇ ਚਾਰੇ ਮੁਲਜ਼ਮਾਂ ਖਿਲਾਫ ਧਾਰਾ 303 (2) ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੇ ਪੁਰਾਣੇ ਅਪਰਾਧਕ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਧਾਰਮਿਕ ਸਮਾਗਮ ਸਥਾਨ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਤਾਂ ਕਿ ਗਿਰੋਹ ਵਲੋਂ ਪਹਿਲਾਂ ਕੀਤੀਆਂ ਗਈਆਂ ਚੋਰੀ ਦੀਆਂ ਹੋਰ ਵਾਰਦਾਤਾਂ ਦਾ ਸੁਰਾਗ ਮਿਲ ਸਕੇ। ਪੁਲਸ ਦੀ ਜਾਂਚ ਦਾ ਫੋਕਸ ਹੁਣ ਇਸ ’ਤੇ ਹੈ ਕਿ ਕੀ ਗ੍ਰਿਫਤਾਰ ਔਰਤਾਂ ਕਿਸੇ ਵੱਡੇ ਗਿਰੋਹ ਦਾ ਹਿੱਸਾ ਹਨ ਅਤੇ ਕੀ ਪੰਡਿਤ ਧਿਰੇਂਦਰ ਸ਼ਾਸਤਰੀ ਦੀ ਕਥਾ ਤੋਂ ਪਹਿਲਾਂ ਜਾਂ ਇਸ ਦੌਰਾਨ ਹੋਰਨਾਂ ਸ਼ਰਧਾਲੂਆਂ ਨੂੰ ਵੀ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
